Nabaz-e-punjab.com

ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਨਹੀਂ ਰਹੇ, ਸਸਕਾਰ ਸਵੇਰੇ 11 ਵਜੇ

ਹਾਈ ਕੋਰਟ ਦੇ ਹੁਕਮਾਂ ’ਤੇ ਅੰਬਾਲਾ ਅਦਾਲਤ ਵਿੱਚ ਚਲਦੇ ਸੀ ਬਾਬੇ ਖ਼ਿਲਾਫ਼ ਵੱਖ-ਵੱਖ ਕੇਸ

ਵਰਲਡ ਸਿੱਖ ਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ ਬਾਬੇ ਖ਼ਿਲਾਫ਼ ਦਰਜ ਕੇਸਾਂ ਦੀ ਪੈਰਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਦਸੰਬਰ:
ਪੰਜਾਬ ਦੇ ਬਹੁ ਚਰਚਿਤ ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ (62) ਦੀ ਅੱਜ ਮੌਤ ਹੋ ਗਈ। ਉਨ੍ਹਾਂ ਨੇ ਇੱਥੋਂ ਦੇ ਫੇਜ਼-6 ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਸਵੇਰੇ ਵਜੇ ਆਖ਼ਰੀ ਸਾਹ ਲਿਆ। ਉਹ ਦਲਿਤ ਵਰਗ ਨਾਲ ਸਬੰਧਤ ਸਨ। ਉਨ੍ਹਾਂ ਨੇ ਸਾਲ 2001 ਵਿੱਚ ਆਪਣਾ ਵੱਖਰਾ ‘ਭਵ-ਸਾਗਰ ਗ੍ਰੰਥ’ ਪ੍ਰਕਾਸ਼ਿਤ ਕਰਨ ਤੋਂ ਬਾਅਦ ਚਰਚਾ ਵਿੱਚ ਆਏ ਸੀ। ਜਾਣਕਾਰੀ ਅਨੁਸਾਰ ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਛਾਤੀ ਵਿੱਚ ਜ਼ਬਰਦਸਤ ਦਰਦ ਉੱਠਿਆ ਸੀ ਅਤੇ ਬਾਬੇ ਨੂੰ ਤੁਰੰਤ ਮੈਕਸ ਹਸਪਤਾਲ ਵਿੱਚ ਲਿਆਂਦਾ ਗਿਆ। ਜਿੱਥੇ ਮੁੱਢਲੀ ਮੈਡੀਕਲ ਜਾਂਚ ਦੌਰਾਨ ਉਸ ਨੇ ਦਮ ਤੋੜ ਦਿੱਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਬੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸੰਪਰਕ ਕਰਨ ’ਤੇ ਮੈਕਸ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਅੱਜ ਸਵੇਰੇ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਅਨੁਸਾਰ ਹਸਪਤਾਲ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਮੁੱਢਲੀ ਕਾਰਵਾਈ ਤੋਂ ਬਾਅਦ ਬਾਬੇ ਦੀ ਲਾਸ਼ ਪਰਿਵਾਰਕ ਮੈਂਬਰਾਂ ਅਤੇ ਡੇਰੇ ਦੇ ਪੈਰੋਕਾਰਾਂ ਨੂੰ ਸੌਂਪ ਦਿੱਤੀ ਗਈ।
ਬਾਬਾ ਪਿਆਰਾ ਸਿੰਘ ਦਾ ਅੰਤਿਮ ਸੰਸਕਾਰ ਭਲਕੇ 31 ਦਸੰਬਰ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਬਾਬੇ ਦੀ ਮੌਤ ਦੀ ਖ਼ਬਰ ਸੁਣ ਕੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ਼ਰਧਾਲੂ ਡੇਰਾ ਭਨਿਆਰਾ ਵਾਲੀ ਧਮਾਣਾ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਡੇਰਾ ਮੁਖੀ ਦੇ ਵੱਡੇ ਲੜਕੇ ਸਤਨਾਮ ਸਿੰਘ ਸਾਬਕਾ ਸਰਪੰਚ ਧਮਾਣਾ ਵੱਲੋਂ ਦੁੱਖ ਦੀ ਇਸ ਘੜੀ ਵਿੱਚ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਬਾਬਾ ਪਿਆਰਾ ਸਿੰਘ ਦਾ ਜਨਮ 23 ਅਗਸਤ 1958 ਨੂੰ ਪਿਤਾ ਤੁਲਸੀ ਰਾਮ ਦੇ ਘਰ ਹੋਇਆ। ਉਹ ਬਾਗ਼ਬਾਨੀ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮ ਸਨ। ਉਨ੍ਹਾਂ ਦੇ ਪਿਤਾ ਰਾਜਗੀਰ ਸਨ। ਤੁਲਸੀ ਰਾਮ ਪਿੰਡ ਧਮਾਣਾ (ਰੂਪਨਗਰ) ਦੇ ਬਾਹਰਵਾਰ ਬਣੀਆਂ ਦੋ ਮਜ਼ਾਰਾਂ ਦੀ ਸੇਵਾ ਕਰਿਆ ਕਰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਬਾਬਾ ਪਿਆਰਾ ਸਿੰਘ ਨੇ ਮਜ਼ਾਰਾਂ ’ਤੇ ਬੈਠ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਹੌਲੀ ਹੌਲੀ ਮਜ਼ਾਰਾਂ ਪ੍ਰਤੀ ਲੋਕਾਂ ਦੀ ਭਾਵਨਾ ਵਧਣੀ ਸ਼ੁਰੂ ਹੋ ਗਈ ਅਤੇ ਬਾਬੇ ਨੇ ਉੱਥੇ ਆਪਣਾ ਡੇਰਾ ਬਣਾ ਲਿਆ। ਸੰਗਤ ਇਕੱਠੀ ਹੁੰਦੀ ਦੇਖ ਕੇ ਵੋਟਾਂ ਦੀ ਰਾਜਨੀਤੀ ਦੇ ਚੱਲਦਿਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਡੇ ਆਗੂ ਵੀ ਡੇਰੇ ’ਤੇ ਨਤਮਸਤਕ ਹੋਣੇ ਸ਼ੁਰੂ ਹੋ ਗਏ। ਪਿਛਲੇ ਸਮੇਂ ਦੌਰਾਨ ਕਈ ਵੱਡੇ ਆਗੂਆਂ ਦੀਆਂ ਫੋਟੋਆਂ ਵੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ।
ਲਾਲ ਬੱਤੀਆਂ ਵਾਲੀਆਂ ਕਾਰਾਂ ਦੀ ਆਵਾਜਾਈ ਨਾਲ ਭਨਿਆਰਾ ਵਾਲੇ ਬਾਬੇ ਦੀ ਪੂਰੀ ਚੜ੍ਹਤ ਹੋ ਗਈ ਅਤੇ ਲੋਕਾਂ ਨੇ ਉਸ ਨੂੰ ਗੁਰੂ ਮੰਨਦਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਸਮਰਥਨ ਤੋਂ ਬਾਗੋਬਾਗ ਹੋਏ ਬਾਬੇ ਨੇ 2001 ਵਿੱਚ ਆਪਣਾ ਵੱਖਰਾ ‘ਭਵਸਾਗਰ ਗ੍ਰੰਥ’ ਪ੍ਰਕਾਸ਼ਿਤ ਕਰ ਦਿੱਤਾ ਅਤੇ ਘੋੜੇ ’ਤੇ ਸਵਾਰ ਹੋ ਕੇ ਸਿੱਖ ਗੁਰੂਆਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦਾ ਸਿੱਖ ਜਗਤ ਨੇ ਕਾਫੀ ਬੂਰਾ ਮਨਾਇਆ ਅਤੇ ਡੇਰੇ ਦੇ ਪੈਰੋਕਾਰਾਂ ਅਤੇ ਸਿੱਖਾਂ ਵਿੱਚ ਤਣਾਅ ਵੀ ਪੈਦਾ ਹੁੰਦਾ ਰਿਹਾ ਹੈ। ਬਾਅਦ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਬਾਬੇ ਦੇ ਖ਼ਿਲਾਫ਼ ਨੂਰਪੁਰਬੇਦੀ ਅਤੇ ਮੋਰਿੰਡਾ ਥਾਣੇ ਕਰੀਬ 6 ਕੇਸ ਦਰਜ ਕੀਤੇ ਗਏ ਸੀ ਅਤੇ ਉਸ ਨੂੰ ਕਾਫੀ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ। ਉਹ ਸ਼ੁਰੂ ਤੋਂ ਕੱਟੜ ਪੰਥੀ ਸਿੱਖਾਂ ਦੇ ਨਿਸ਼ਾਨਾਂ ’ਤੇ ਰਹੇ ਹਨ।
2002 ਵਿੱਚ ਬਾਬਾ ਹਾਈ ਕੋਰਟ ਦੀ ਸ਼ਰਤ ਵਿੱਚ ਚਲਾ ਗਿਆ ਅਤੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਕੇਸ ਦੀ ਸੁਣਵਾਈ ਪੰਜਾਬ ’ਚੋਂ ਬਾਹਰ ਕਿਸੇ ਅਦਾਲਤ ਵਿੱਚ ਤਬਦੀਲ ਕਰਨ ਦੀ ਗੁਹਾਰ ਲਗਾਈ। ਹਾਈ ਕੋਰਟ ਦੇ ਹੁਕਮਾਂ ’ਤੇ ਇਹ ਸਾਰੇ ਕੇਸ ਅੰਬਾਲਾ ਅਦਾਲਤ ਵਿੱਚ ਤਬਦੀਲ ਕੀਤੇ ਗਏ ਸੀ। ਬਾਬੇ ਖ਼ਿਲਾਫ਼ ਅੰਬਾਲਾ ਅਦਾਲਤ ਵਿੱਚ ਕਾਫੀ ਸਮਾਂ ਕੇਸ ਦੀ ਸੁਣਵਾਈ ਚੱਲੀ ਅਤੇ ਪਿੱਛੇ ਜਿਹੇ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਨੂੰ ਤਿੰਨ ਕੇਸਾਂ ਨਾਜਾਇਜ਼ ਭੱਠਾ, ਨਾਜਾਇਜ਼ ਅਸਲਾ ਅਤੇ ਵਿਵਾਦਿਤ ਗ੍ਰੰਥ ਦੇ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ। ਜਦੋਂਕਿ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਕਰਨ ਦੇ ਦੋਸ਼ ਵਿੱਚ ਮੋਰਿੰਡਾ ਥਾਣੇ ਵਿੱਚ ਦਰਜ 161 ਨੰਬਰ ਕੇਸ ਵਿੱਚ ਅੰਬਾਲਾ ਅਦਾਲਤ ਨੇ ਬਾਬੇ ਨੂੰ ਤਿੰਨ ਸਾਲ ਦੀ ਸਜ਼ਾ ਸੁਣਵਾਈ ਗਈ ਸੀ ਅਤੇ ਨਿੱਜੀ ਮੁਚੱਲਕਾ ਭਰਵਾ ਕੇ ਰਿਹਾਅ ਕਰ ਦਿੱਤਾ ਸੀ। ਬਾਬੇ ਖ਼ਿਲਾਫ਼ ਦਰਜ ਕੇਸਾਂ ਦੀ ਪੈਰਵੀ ਵਰਲਡ ਸਿੱਖ ਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…