
ਜਲ ਸਪਲਾਈ ਵਿਭਾਗ ਦੇ ਕੰਪਲੈਕਸ ਵਿੱਚ ਖਸਤਾ ਹਾਲਤ ਇਮਾਰਤ ਵਿੱਚ ਚਲ ਰਹੀ ਹੈ ਲਾਇਬਰੇਰੀ
ਅਸੁਵਿਧਾਵਾਂ ਦੇ ਬਾਵਜੂਦ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਯਤਨਸ਼ੀਲ ਹੈ ਲਾਇਬਰੇਰੀਅਨ ਭੁਪਿੰਦਰ ਕੌਰ
ਲਾਇਬਰੇਰੀ ਵਿੱਚ ਕਿਤਾਬਾਂ ਲਈ ਰੈਕ, ਫਰਨੀਚਰ ਤੇ ਸਟਾਫ਼ ਦੀ ਘਾਟ
ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਇੱਥੋਂ ਦੇ ਸਨਅਤੀ ਏਰੀਆ ਫੇਜ਼-1 ਵਿੱਚ ਆਮ ਲੋਕਾਂ ਅਤੇ ਛੋਟੇ ਬੱਚਿਆਂ ਨੂੰ ਕਿਤਾਬਾਂ, ਅਖ਼ਬਾਰਾਂ ਅਤੇ ਸਾਹਿਤ ਨਾਲ ਜੋੜਨ ਲਈ ਲੰਮੇ ਅਰਸੇ ਤੋਂ ਯਤਨਸ਼ੀਲ ਸਰਕਾਰੀ ਜ਼ਿਲ੍ਹਾ ਪਬਲਿਕ ਲਾਇਬਰੇਰੀ ਦੀ ਹਾਲਤ ਕਾਫੀ ਮਾੜੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਕੰਪਲੈਕਸ ਦੇ ਗੈਸਟ ਹਾਊਸ ਵਿੱਚ 1989 ਤੋਂ ਚਲ ਰਹੀ ਇਹ ਲਾਇਬਰੇਰੀ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੈ। ਲਾਇਬਰੇਰੀ ਦੇ ਸਟੋਰ ਰੂਮ ਦੀ ਬਹੁਤ ਖਸਤਾ ਹਾਲਤ ਹੈ ਅਤੇ ਕਿਤਾਬਾਂ ਰੱਖਣ ਵਾਲੇ ਰੈਕ ਵੀ ਟੁੱਟੀ ਹੋਏ ਹਨ। ਸਟਾਫ਼ ਦੀ ਘਾਟ ਕਾਰਨ ਕਿਤਾਬਾਂ ’ਤੇ ਮਿੱਟੀ ਦੀ ਪਰਤ ਜਮ੍ਹੀ ਹੋਈ ਹੈ। ਇੱਥੇ ਕੰਪਿਊਟਰ ਅਪਰੇਟਰ ਅਤੇ ਸੇਵਾਦਾਰ ਦੀ ਅਸਾਮੀਆਂ ਖਾਲੀਆਂ ਹਨ।
ਲਾਇਬਰੇਰੀ ਦੇ ਸੀਨੀਅਰ ਮੈਂਬਰਾਂ ਵੱਲੋਂ ਆਪਣੇ ਪੱਧਰ ’ਤੇ ਇਲਾਕੇ ਦੇ ਸਿਆਸਤਦਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਮੁਲਾਕਾਤਾਂ ਕੀਤੀਆਂ ਜਾ ਚੁੱਕੀਆਂ ਹਨ ਲੇਕਿਨ ਹੁਣ ਤੱਕ ਕਿਸੇ ਨੇ ਪੱਲਾ ਨਹੀਂ ਫੜਾਇਆ। ਲੋਕਾਂ ਦੀ ਮੰਗ ਹੈ ਕਿ ਇਸ ਲਾਇਬਰੇਰੀ ਨੂੰ ਕਿਸੇ ਢੁਕਵੀਂ ਥਾਂ ’ਤੇ ਤਬਦੀਲ ਕੀਤਾ ਜਾਵੇ ਤਾਂ ਜੋ ਬੱਚੇ, ਬਜ਼ੁਰਗ, ਨੌਜਵਾਨ ਅਤੇ ਅੌਰਤਾਂ ਇਸ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਸ਼ਹਿਰ ਵਾਸੀਆਂ ਦੀ ਸ਼ਿਕਾਇਤ ’ਤੇ ਮੀਡੀਆ ਦੀ ਟੀਮ ਲਾਇਬਰੇਰੀ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਲਾਇਬਰੇਰੀਅਨ ਭੁਪਿੰਦਰ ਕੌਰ ਇਕੱਲੇ ਹੀ ਸਾਰਾ ਕੰਮ ਸੰਭਾਲ ਰਹੀ ਸੀ। ਉਹ ਲਾਇਬਰੇਰੀ ਦੇ ਬਾਹਰ ਧੁੱਪ ਵਿੱਚ ਛੋਟੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੀ ਸੀ ਜਦੋਂ ਕਿ ਕੁੱਝ ਬੱਚੇ ਇੱਕ ਕਮਰੇ ਵਿੱਚ ਲੱਗੇ ਗੋਲ ਮੇਜ ’ਤੇ ਅਖ਼ਬਾਰ ਅਤੇ ਕਿਤਾਬਾਂ ਪੜ੍ਹਨ ਵਿੱਚ ਮਗਨ ਸਨ।
ਇਸ ਮੌਕੇ ਸੱਤਵੀਂ ਜਮਾਤ ਦੀ ਕਾਜਲ, ਗਣੇਸ਼ ਅਤੇ ਅਲੋਕ ਕੁਮਾਰ ਨੇ ਕਿਹਾ ਕਿ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਰੋਜ਼ਾਨਾ ਲਾਇਬਰੇਰੀ ਵਿੱਚ ਅਖ਼ਬਾਰ ਅਤੇ ਕਿਤਾਬਾਂ ਪੜ੍ਹਨ ਆਉਂਦੇ ਹਨ। ਉਨ੍ਹਾਂ ਨੂੰ ਅਖ਼ਬਾਰਾਂ ’ਚੋਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਬਾਰੇ ਪਤਾ ਚਲਦਾ ਹੈ ਜਦੋਂ ਕਿ ਕਿਤਾਬਾਂ ’ਚੋਂ ਉਹ ਆਪਣੇ ਉਜਵਲ ਭਵਿੱਖ ਦੀ ਤਲਾਸ਼ ਕਰਦੇ ਹਨ। ਚੌਥੀ ਜਮਾਤ ਦੇ ਗੌਤਮ ਅਤੇ ਛੇਵੀਂ ਜਮਾਤ ਦੀ ਜੈਸਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਇਬਰੇਰੀਅਨ ਸ੍ਰੀਮਤੀ ਭੁਪਿੰਦਰ ਕੌਰ ਨੇ ਲਾਇਬਰੇਰੀ ਵਿੱਚ ਆ ਕੇ ਕਿਤਾਬਾਂ ਅਤੇ ਅਖ਼ਬਾਰ ਪੜ੍ਹਨ ਲਈ ਪ੍ਰੇਰਿਆ ਹੈ।
ਇਸ ਮੌਕੇ ਬੱਚਿਆਂ ਨੂੰ ਸਾਹਿਤ ਦਾ ਗਿਆਨ ਦੇ ਰਹੀ ਲਾਇਬਰੇਰੀਅਨ ਸ੍ਰੀਮਤੀ ਭੁਪਿੰਦਰ ਕੌਰ ਨੇ ਦੱਸਿਆ ਕਿ ਲਾਇਬਰੇਰੀ ਵਿੱਚ ਤਕਰੀਬਨ 25 ਹਜ਼ਾਰ ਕਿਤਾਬਾਂ ਅਤੇ ਰਸਾਲੇ ਹਨ। ਇੱਥੇ ਵਾਟਰ ਕੂਲਰ, ਕੰਪਿਊਟਰ ਅਪਰੇਟਰ, ਪ੍ਰਿੰਟਰ ਅਤੇ ਕਿਤਾਬਾਂ ਲਈ ਨਵੇਂ ਰੈਕ ਸਮੇਤ ਕੰਪਿਊਟਰ ਅਤੇ ਸੇਵਾਦਾਰ ਦੀ ਸਖ਼ਤ ਲੋੜ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਲਾਇਬਰੇਰੀ ਦੇ ਮੈਂਬਰਾਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਵੱਖ ਵੱਖ ਪ੍ਰੋਗਰਾਮ ਕਰਵਾਉਣੇ ਸ਼ੁਰੂ ਕੀਤੇ ਹਨ। ਜਿਨ੍ਹਾਂ ਵਿੱਚ 1 ਰੋਜ਼ਾ ਵਿਅਕਤੀਗਤ ਵਿਕਾਸ ਕੈਂਪ, ‘ਪਹੇਲੀ ਬੁੱਝੋ ਪ੍ਰੋਗਰਾਮ ਅਤੇ ਹਰ ਮਹੀਨੇ ਦੂਜੇ ਸਨਿਚਰਵਾਰ ਬੱਚਿਆਂ ਨੂੰ ਮੈਦਾਨੀ ਖੇਡਾਂ, ਕਸ਼ਰਤ ਵਗੈਰਾ ਕਰਵਾਈ ਜਾਂਦੀ ਹੈ। ਜਿਸ ਦੇ ਚੰਗੇ ਨਤੀਜੇ ਵਜੋਂ ਲਾਇਬਰੇਰੀ ਵਿੱਚ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ, ਬਜ਼ੁਰਗ ਅਤੇ ਅੌਰਤਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ। ਹਰੇਕ ਸਾਲ ਤੀਆਂ ਮੌਕੇ ਇੱਕ ਬੂਟਾ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀਆਂ ਵਿੱਚ 15 ਰੋਜ਼ਾ ਸਮਰ ਕੈਂਪ ਲਗਾਉਣ ਸਮੇਤ ਲਾਇਬਰੇਰੀ ਦੇ ਮੈਂਬਰ ਬੱਚਿਆਂ ਦੇ ਜਨਮ ਦਿਨ ਸਾਦਗੀ ਨਾਲ ਮਨਾਏ ਜਾਂਦੇ ਹਨ ਅਤੇ ਗ੍ਰਿਫ਼ਟ ਵਜੋਂ ਬੱਚਿਆਂ ਨੂੰ ਪੌਦਾ ਦਿੱਤਾ ਜਾਂਦਾ ਹੈ ਅਤੇ ਬੱਚਿਆਂ ਵੱਲੋਂ ਖ਼ੁਦ ਵੀ ਲਾਇਬਰੇਰੀ ਦੇ ਵਿਹੜੇ ਵਿੱਚ ਪੌਦੇ ਲਗਾਏ ਜਾਂਦੇ ਹਨ।
(ਬਾਕਸ ਆਈਟਮ)
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਹਿਲਾਂ 10 ਸਾਲ ਅਕਾਲੀ ਭਾਜਪਾ ਸਰਕਾਰ ਨੇ ਲਾਇਬਰੇਰੀ ਦੇ ਵਿਕਾਸ ਅਤੇ ਹੋਰ ਕੰਮਾਂ ਲਈ ਬਹੁਤਾ ਧਿਆਨ ਨਹੀਂ ਹੈ ਲੇਕਿਨ ਹੁਣ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲ ਸਪਲਾਈ ਕੰਪਲੈਕਸ ਦੇ ਗੈਸਟ ਹਾਊਸ ਵਿੱਚ ਖਸਤਾ ਹਾਲਤ ਵਿੱਚ ਚਲ ਰਹੀ ਲਾਇਬਰੇਰੀ ਨੂੰ ਇੱਥੋਂ ਦੇ ਫੇਜ਼-1 ਦੇ ਕਮਿਉਨਟੀ ਸੈਂਟਰ ਜਾਂ ਕਿਸੇ ਹੋਰ ਢੁਕਵੀਂ ਥਾਂ ’ਤੇ ਸ਼ਿਫ਼ਟ ਕੀਤਾ ਜਾਵੇਗਾ ਅਤੇ ਲਾਇਬਰੇਰੀ ਦੇ ਵਿਕਾਸ ਲਈ ਨਵੇਂ ਰੈਕ ਅਤੇ ਫਰਨੀਚਰ ਸਮੇਤ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।