Nabaz-e-punjab.com

ਕੁਰਸੀ ਖ਼ਾਤਰ ਕਿਸਾਨਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਾ ਕਰੇ ਬਾਦਲ ਦਲ: ਜਥੇਦਾਰ ਸੇਖਵਾਂ

ਆਰਡੀਨੈਂਸਾਂ ਦੇ ਮੁੱਦੇ ’ਤੇ ਬਾਦਲ ਦਲ ਨੂੰ ਮਜਬੂਰੀ ਵਿੱਚ ਯੂ ਟਰਨ ਲੈਣਾ ਪਿਆ:

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਸਤੰਬਰ:
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਇਹ ਆਰਡੀਨੈਂਸ ਵਾਪਸ ਲਏ ਜਾਣ ਅਤੇ ਕਿਸਾਨਾਂ ਦੀ ਖ਼ੁਸ਼ਹਾਲੀ ਅਤੇ ਤਰੱਕੀ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਨੂੰ ਠੱਲ੍ਹ ਪੈ ਸਕੇ।
ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਜਥੇਦਾਰ ਸੇਖਵਾਂ ਨੇ ਅਕਾਲੀ ਦਲ (ਬਾਦਲ) ’ਤੇ ਵਰ੍ਹਦਿਆਂ ਕਿਹਾ ਕਿ ਸਿਰਫ਼ ਕੁਰਸੀ ਦੇ ਮੋਹ ਕਾਰਨ ਬਾਦਲ ਦਲ ਕਿਸਾਨਾਂ ਨਾਲ ਧ੍ਰੋਹ ਕਮਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੇ ਵਫ਼ਦ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਮਿਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕੇਂਦਰੀ ਖੇਤੀ ਮੰਤਰੀ ਦੀ ਕੁਝ ਦਿਨ ਪਹਿਲਾਂ ਆਈ ਇੱਕ ਨਿਰਅਧਾਰ ਚਿੱਠੀ ਦਿਖਾ ਕੇ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਬੋਲਦਿਆਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਬਲਕਿ ਕਿਸਾਨਾਂ ਦੇ ਹੱਕ ਵਿੱਚ ਹੈ, ਪ੍ਰੰਤੂ ਹੁਣ ਅਚਾਨਕ ਯੂ ਟਰਨ ਲੈਣ ਦੀ ਕੀ ਲੋੜ ਪੈ ਗਈ? ਉਨ੍ਹਾਂ ਕਿਹਾ ਕਿ ਅਸਲ ਵਿੱਚ ਸੁਖਬੀਰ ਬਾਦਲ ਨੂੰ ਖੇਤੀ ਆਰਡੀਨੈਂਸਾਂ ਬਾਰੇ ਬਹੁਤ ਗਿਆਨ ਨਹੀਂ ਹੈ। ਉਹ ਬੱਸ ਆਪਣੀ ਪਤਨੀ ਦੀ ਕੁਰਸੀ ਬਚਾਉਣ ਲਈ ਕੇਂਦਰ ਦੀ ਹਾਂ ਵਿੱਚ ਹਾਂ ਮਿਲਾ ਰਹੇ ਹਨ।
ਜਦੋਂਕਿ ਬਾਕੀ ਸਾਰੀਆਂ ਰਾਜਸੀ ਧਿਰਾਂ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀ ਵਰਗ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਲੜਾਈ ਲੜ ਰਹੇ ਹਨ ਤਾਂ ਹੁਣ ਲੋਕਾਚਾਰੀ ਖ਼ੁਦ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਢੌਂਗ ਰਚ ਕੇ ਅਕਾਲੀ ਦਲ ਵੀ ਦਿੱਲੀ ਵੱਲ ਤੁਰ ਪਿਆ ਹੈ।
ਜਥੇਦਾਰ ਸੇਖਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਆਰਡੀਨੈਂਸਾਂ ਦੇ ਮੁੱਦੇ ’ਤੇ ਸੁਖਬੀਰ ਬਾਦਲ ਨੂੰ ਖੁੱਲ੍ਹੀ ਬਹਿਸ ਦੀ ਚੁਨੌਤੀ ਦਿੱਤੀ ਜਾ ਚੁੱਕੀ ਹੈ ਪਰ ਹੁਣ ਬਾਦਲ ਦਲ ਸਾਰੇ ਪਾਸਿਓਂ ਹਵਾ ਪੁੱਠੀ ਚਲਦੀ ਦੇਖ ਕੇ ਮੋੜਾ ਲੈਣ ਲਈ ਮਜਬੂਰ ਹੋ ਗਿਆ ਹੈ। ਪਰ ਅਜੇ ਵੀ ਇਨ੍ਹਾਂ ਤੋਂ ਕੋਈ ਆਸ ਰੱਖਣੀ ਨਹੀਂ ਬਣਦੀ ਕਿਉਂਕਿ ਇਹ ਮਹਿਜ ਇੱਕ ਡਰਾਮੇ ਤੋਂ ਵਧਕੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਦੁੱਖ ਤਾਂ ਉਸ ਵੇਲੇ ਲੱਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਬਿਆਨ ਦੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿੱਚ ਦੇਸ਼ ਦੇ ਕਿਸਾਨਾਂ ਦੇ ਇਸ ਅੰਦੋਲਨ ਦਾ ਪੂਰਨ ਰੂਪ ਵਿੱਚ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲਾ ਅਕਾਲੀ ਦਲ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਦਾ ਪੂਰਨ ਰੂਪ ਵਿੱਚ ਸਮਰਥਨ ਕਰਦਾ ਹੈ ਅਤੇ ਇਸ ਸਬੰਧੀ ਸਾਰੇ ਆਗੂਆਂ ਅਤੇ ਸਰਗਰਮ ਵਰਕਰਾਂ ਨੂੰ ਕਿਸਾਨ ਅੰਦੋਲਨ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ।

Check Also

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ

ਪੰਜਾਬ ਪੁਲੀਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵੱਲੋਂ ‘ਵਰਲਡ ਅਸਥਮਾ ਡੇਅ ’ਤੇ ਸੈਮੀਨਾਰ ਹਸਪਤਾਲ ਦੀ ਟੀਮ ਵੱਲੋਂ…