nabaz-e-punjab.com

ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖ ਭੇਸ ਵਿੱਚ ਕੌਮ ਨੂੰ ਬਰਬਾਦ ਕਰਨ ’ਤੇ ਤੁਲੇ: ਬਡਹੇੜੀ

ਪੰਜਾਬ ਵਿੱਚ ਸਿਰਫ਼ ਬਾਦਲ ਪਰਿਵਾਰ ਦੇ ਦੋ ਜੀਅ ਪੈਸੇ ਦੇ ਜ਼ੋਰ ਨਾਲ ਚੋਣ ਜਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਆਲ ਇੰਡੀਆ ਜੱਟ ਮਹਾਂ ਸਭਾ ਦੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਧਾਨ ਅਤੇ ਸਿੱਖ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਕਾਰਨ ਭਾਜਪਾ ਨੂੰ ਮਿਲੀਆਂ ਲੋਕ ਸਭਾ ਚੋਣਾਂ ਵਿੱਚ 302 ਸੀਟਾਂ ਕਾਰਨ ਘੱਟ ਗਿਣਤੀਆਂ ਖਾਸ ਕਰ ਕੇ ਸਿੱਖ ਕੌਮ ਵਿਰੁੱਧ ਝੂਠੀ ਦਫ਼ਾ 302 ਦੀ ਵਰਤੋਂ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿੱਖ ਕੌਮ ਨਾਲ ਸ਼ੁਰੂ ਤੋਂ ਹੀ ਖਾਰ ਖਾਂਦੀ ਆ ਰਹੀ ਹੈ। ਇਸੇ ਕਰਕੇ ਬਾਦਲ ਪਰਿਵਾਰ ਨੂੰ ਸਿੱਖ ਕੌਮ ਦੇ ਖ਼ਾਤਮੇ ਲਈ ਵਰਤਿਆ ਜਾ ਰਿਹਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਡਹੇੜੀ ਨੇ ਕਿਹਾ ਕਿ ਹੁਣ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਦੇ ਹੌਂਸਲੇ ਬੁਲੰਦ ਹੋਏ ਹਨ, ਦੂਜੇ ਪਾਸੇ ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਰਐਸਐਸ ਦੇ ਦਬਾਅ ਹੇਠ ਸਿੱਖ ਭੇਸ ਵਿੱਚ ਕੌਮ ਨੂੰ ਬਰਬਾਦ ਕਰਨ ’ਤੇ ਤੁਲੇ ਹੋਏ ਹਨ ਕਿਉਂਕਿ ਸਿੱਖ ਭਾਈਚਾਰੇ ਨੇ ਪਿੰਡ ਬਰਗਾੜੀ\ਬਹਿਬਲ ਕਲਾਂ ਘਟਨਾਵਾਂ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਬਾਦਲਕਿਆਂ ਨੂੰ ਠਹਿਰਾਇਆ ਗਿਆ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਬਾਦਲ ਪਰਿਵਾਰ ਅਤੇ ਇਨ੍ਹਾਂ ਦੀ ਪਾਰਟੀ ਦੇ ਉਮੀਦਵਾਰਾਂ ਦੀ ਦੁਰਦਸ਼ਾ ਹੋਈ ਹੈ। ਕੇਵਲ ਬਾਦਲ ਪਰਿਵਾਰ ਦੇ ਦੋ ਜੀਅ ਪੈਸੇ ਦੇ ਜ਼ੋਰ ਨਾਲ ਚੋਣ ਜਿੱਤੇ ਹਨ।
ਸ੍ਰੀ ਬਡਹੇੜੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਮੁੱਚੀ ਸਿੱਖ ਕੌਮ ਨੂੰ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਬਾਦਲ ਪਰਿਵਾਰ ਖ਼ਿਲਾਫ਼ ਲਾਮਬੰਦੀ ਕਰਨ ਦੀ ਸਖ਼ਤ ਲੋੜ ਹੈ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਕਤ ਸਿਆਸੀ ਪਰਿਵਾਰ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਬੈਠੇ ਸਿੱਖਾਂ ਅਤੇ ਸਿੱਖ ਸੰਸਥਾਵਾਂ ਨੂੰ ਇੱਕ ਧਾਰਮਿਕ ਮੰਚ ਤਿਆਰ ਕਰਨ ਦੀ ਕਵਾਇਦ ਹੁਣੇ ਤੋਂ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਐਲਾਨ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਤਸਵੀਰ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਆਪਸੀ ਮਤਭੇਦ ਭੁਲਾ ਕੇ ਕੌਮ ਦੀ ਬਿਹਤਰੀ ਅਤੇ ਵਜੂਦ ਬਚਾਉਣ ਲਈ ਸੋਚਣ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ

ਪੇਅ-ਪੈਰਿਟੀ ਬਹਾਲੀ ਮਾਮਲੇ ’ਤੇ ਵੈਟਰਨਰੀ ਡਾਕਟਰਾਂ ਨੇ ਕੀਤੀ ਸੂਬਾ ਪੱਧਰੀ ਮੀਟਿੰਗ ਜ਼ਿਲ੍ਹਾ ਪੱਧਰ ਕਨਵੈਨਸ਼ਨਾਂ…