Nabaz-e-punjab.com

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਜਗੀਰ ਨਾ ਸਮਝੇ ਬਾਦਲ ਪਰਿਵਾਰ: ਬੱਬੀ ਬਾਦਲ

ਦਿੱਲੀ ਦੀ ਫਰਮ ਨੂੰ 10 ਕਰੋੜ ਵਿੱਚ ਟੈਂਟ ਦਾ ਠੇਕਾ ਦੇਣ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ

ਸਟੇਜਾਂ ’ਤੇ ਸਿਰਫ਼ ਕੌਮ ਨੂੰ ਸੇਧ ਦੇਣ ਵਾਲੇ ਵਿਦਵਾਨ ਆਗੂ ਅਤੇ ਬੁੱਧੀਜੀਵੀਆਂ ਨੂੰ ਹੀ ਬਿਠਾਇਆ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਆਪਣੇ ਸਰੀਕੇ ਵਾਲਿਆਂ ਬਾਦਲ ਪਰਿਵਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੀ ਨਿੱਜੀ ਜਗੀਰ ਨਾ ਸਮਝੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿੱਚ ਹੋਣ ਵਾਲੇ ਸਾਂਝੇ ਸਮਾਗਮ ਦੀ ਆੜ ਵਿੱਚ ਬਾਦਲ ਪਰਿਵਾਰ ਗਲਤ ਹੱਥ ਕੰਢੇ ਵਰਤ ਕੇ ਸਿਆਸੀ ਲਾਹਾ ਲੈਣਾ ਚਾਹੁੰਦਾ ਹੈ। ਜਿਸ ਨੂੰ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੱਜ ਇੱਥੋਂ ਦੇ ਫੇਜ਼-6 ਵਿੱਚ ਪਾਰਟੀ ਵਰਕਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨਾਲ ਮੀਟਿੰਗ ਦੌਰਾਨ ਸ੍ਰੀ ਬੱਬੀ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਮੁੱਚੀ ਸੰਗਤ ਵੱਲੋਂ ਦੁਨੀਆਂ ਭਰ ਵਿੱਚ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਸਮਾਗਮਾਂ ਨੂੰ ਮਨਾਉਣ ਲਈ ਹਰ ਇਕ ਸਿੱਖ ਅਤੇ ਪੰਥਕ ਕਮੇਟੀਆਂ ਵੱਲੋਂ ਆਪਣੇ ਪੱਧਰ ’ਤੇ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਫ਼ਲਸਫ਼ੇ ਅਤੇ ਸਿਧਾਂਤਾਂ ਨੂੰ ਦੁਨੀਆ ਭਰ ਵਿੱਚ ਘਰ-ਘਰ ਤੱਕ ਪੁੱਜਦਾ ਕੀਤਾ ਜਾ ਸਕੇ। ਇਸ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿੱਚ ਹੋਣਾ ਹੈ ਪਰ ਦੁੱਖ ਦੀ ਗੱਲ ਹੈ ਕਿ ਬਾਦਲ ਪਰਿਵਾਰ ਆਪਣੀ ਪਬਲਿਸਿਟੀ ਲਈ ਸ਼੍ਰੋਮਣੀ ਕਮੇਟੀ ਦਾ ਗਲਤ ਇਸਤੇਮਾਲ ਕਰਕੇ ਕੌਮ ਦਾ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੀ ਜ਼ਿੱਦ ਪੁਗਾਉਣ ਲਈ ਬਾਦਲ ਸੰਗਤ ਦੇ ਪੈਸੇ ਦਾ ਐਸਜੀਪੀਸੀ ਤੋਂ ਗਲਤ ਇਸਤੇਮਾਲ ਕਰਵਾ ਰਹੇ ਹਨ।
ਸ੍ਰੀ ਬੱਬੀ ਬਾਦਲ ਨੇ ਮੰਗ ਕੀਤੀ ਕਿ ਦਿੱਲੀ ਦੀ ਫਰਮ ਨੂੰ 10 ਕਰੋੜ ਵਿੱਚ ਟੈਂਟ ਦਾ ਠੇਕਾ ਦੇਣ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਬੁਨਿਆਦੀ ਅਸੂਲ ਬਰਾਬਰਤਾ ਦਾ ਹੈ ਅਤੇ ਕੌਮ ਵਿੱਚ ਸ਼ਾਹੀ ਪਰਿਵਾਰ ਦੀ ਕੋਈ ਜਗ੍ਹਾ ਨਹੀਂ। ਉਨ੍ਹਾਂ ਕਿਹਾ ਕਿ ਐਸਜੀਪੀਸੀ ਕਿਸੇ ਪਰਿਵਾਰ ਦੀ ਜਗੀਰ ਨਹੀਂ ਸਗੋਂ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਸਟੇਜਾਂ ਦੇ ਉੱਤੇ ਸਿਰਫ਼ ਕੌਮ ਨੂੰ ਸੇਧ ਦੇਣ ਵਾਲੇ ਆਗੂ ਅਤੇ ਬੁੱਧੀਜੀਵੀਆਂ ਨੂੰ ਬਿਠਾਉਣਾ ਚਾਹੀਦਾ ਹੈ ਤਾਂ ਜੋ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਲੋਕਾਂ ਵਿੱਚ ਪ੍ਰਚੱਲਿਤ ਕੀਤਾ ਜਾ ਸਕੇ ਨਾ ਕਿ ਉੱਥੇ ਸਿਆਸੀ ਲੋਕਾਂ ਨੂੰ ਬਿਠਾ ਕੇ ਸਿਆਸੀ ਅਖਾੜਾ ਬਣਾਇਆ ਜਾਵੇ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਇਹ ਸਮਾਗਮ ਸ੍ਰੀ ਅਕਾਲ ਤਖ਼ਤ ਦੀ ਰਹਿਨੁਮਾਈ ਵਿੱਚ ਕੀਤੇ ਜਾਣ। ਜਿਸ ਵਿੱਚ ਕਿਸੇ ਵੀ ਸਿਆਸੀ ਆਗੂਆਂ ਦੀ ਦਖ਼ਲਅੰਦਾਜੀ ਨਾ ਹੋਵੇ।
ਇਸ ਮੌਕੇ ਨੇਤਰ ਸਿੰਘ, ਨਰਿੰਦਰ ਸਿੰਘ ਮੈਣੀ, ਹਰਮਿੰਦਰ ਸਿੰਘ, ਨਿਰਮਲ ਖਾਨ ਪਡਿਆਲਾ, ਸੁਰਜੀਤ ਸਿੰਘ ਬਰਿਆਲੀ, ਇਕਬਾਲ ਸਿੰਘ, ਰਣਧੀਰ ਸਿੰਘ ਪ੍ਰੇਮਗੜ੍ਹ, ਰਣਜੀਤ ਸਿੰਘ ਬਰਾੜ, ਪ੍ਰੀਤਮ ਸਿੰਘ, ਜਗਤਾਰ ਸਿੰਘ ਘੜੂੰਆਂ, ਕਵਲਜੀਤ ਸਿੰਘ, ਕਨਵਰਪ੍ਰੀਤ ਸਿੰਘ ਹਨੀ ਗਿੱਲ, ਸੁਖਮੰਤਰ ਸਿੰਘ, ਕੰਵਰਪਾਲ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਬੀਬੀ ਜਸਵਿੰਦਰ ਕੌਰ, ਸੁਖਵਿੰਦਰ ਕੌਰ, ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …