nabaz-e-punjab.com

ਬਾਦਲਾਂ ਦੀ ਮਾਲਕੀ ਵਾਲੀ ਕੰਪਨੀ ਦੀ ਅੌਰਬਿਟ ਬੱਸ ਦੇ ਚਾਲਕ ਤੇ ਕਲੀਨਰ ਵੱਲੋਂ ਪੀਜੀਆਈ ਦੇ ਡਾਕਟਰ ਦੀ ਕੁੱਟਮਾਰ

ਪੀਜੀਆਈ ਦੇ ਡਾਕਟਰ ਵੱਲੋਂ ਅੌਰਬਿਟ ਬੱਸ ਚਾਲਕ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਇੱਥੋਂ ਦੇ ਫੇਜ਼-3 ਅਤੇ ਫੇਜ਼-5 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਸਵਾਰੀਆਂ ਉਤਾਰ ਰਹੀ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਅੌਰਬਿਟ ਬੱਸ ਦੇ ਚਾਲਕ ਅਤੇ ਕਲੀਨਰ ਨੇ ਇਕ ਕਾਰ ਚਾਲਕ ਦੀ ਬੂਰੀ ਤਰ੍ਹਾਂ ਕੁੱਟਮਾਰ ਕਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਾਰ ਚਾਲਕ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਿਲ ਦੇ ਰੋਗਾਂ ਦਾ ਮਾਹਰ ਡਾਕਟਰ ਹੈ। ਪੀੜਤ ਡਾ. ਪਰਮਿੰਦਰ ਸਿੰਘ ਵਾਸੀ ਮੁਹਾਲੀ ਨੇ ਇਸ ਸਬੰਧੀ ਮਟੌਰ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਬਾਦਲਾਂ ਦੀ ਬੱਸ ਦੇ ਚਾਲਕ ਅਤੇ ਕਲੀਨਰ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀਜੀਆਈ ਡਾਕਟਰ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਬੱਸ ਚਾਲਕ ਨੂੰ ਸੜਕ ਤੋਂ ਥੋੜ੍ਹਾ ਪਾਸੇ ਕਰਕੇ ਸਾਈਡ ਵਿੱਚ ਬੱਸ ਖੜੀ ਕਰਕੇ ਸਵਾਰੀਆਂ ਲਾਹਣ ਅਤੇ ਚੁੱਕਣ ਲਈ ਆਖਿਆ ਸੀ। ਥਾਣਾ ਮੁਖੀ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੌਰਬਿਟ ਕੰਪਨੀ ਦੀ ਬੱਸ ਫਾਜ਼ਿਲਕਾ ਤੋਂ ਚੰਡੀਗੜ੍ਹ ਰੂਟ ਉਪਰ ਜਾ ਰਹੀ ਸੀ, ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਇਹ ਬੱਸ ਸਥਾਨਕ ਫੇਜ਼-3 ਅਤੇ ਫੇਜ਼-5 ਦੀਆਂ ਲਾਈਟਾਂ ’ਤੇ ਪਹੁੰਚੀ ਅਤੇ ਸਵਾਰੀਆਂ ਉਤਾਰਨ ਲਈ ਲਾਈਟਾਂ ਕਰਾਸ ਕਰਕੇ ਰੁਕੀ, ਇਸ ਬੱਸ ਵਿੱਚ ਮੁਹਾਲੀ ਦੀਆਂ 11 ਸਵਾਰੀਆਂ ਬੈਠੀਆਂ ਸਨ। ਇਸੇ ਦੌਰਾਨ ਉੱਥੇ ਪਹੁੰਚੀ ਇੱਕ ਇਨੋਵਾ ਕਾਰ (ਜਿਸ ਨੂੰ ਪੀਜੀਆਈ ਦਾ ਇੱਕ ਡਾਕਟਰ ਚਲਾ ਰਿਹਾ ਸੀ) ਦੀ ਬੱਸ ਡਰਾਈਵਰ ਨਾਲ ਇਸ ਗੱਲ ’ਤੇ ਬਹਿਸ ਹੋ ਗਈ ਕਿ ਇਹ ਕਿਹੜਾ ਕੋਈ ਬੱਸ ਸਟਾਪ ਹੈ ਜਿੱਥੇ ਬੱਸ ਚਾਲਕ ਵੱਲੋਂ ਸਵਾਰੀਆਂ ਉਤਾਰੀਆਂ ਜਾ ਰਹੀਆਂ ਹਨ।
ਡਾਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੀਜੀਆਈ ਵਿੱਚ ਡਿਊਟੀ ਦੇ ਕੇ ਵਾਪਸ ਆਪਣੇ ਘਰ ਮੁਹਾਲੀ ਆ ਰਿਹਾ ਸੀ। ਜਿਵੇਂ ਹੀ ਉਹ ਫੇਜ਼-3 ਅਤੇ ਫੇਜ਼-5 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਪੁੱਜਾ ਤਾਂ ਸੜਕ ਦੇ ਮੋੜ ਉੱਤੇ ਹੀ ਅੌਰਬਿਟ ਬੱਸ ਨੂੰ ਖੜੀ ਕਰ ਕੇ ਸਵਾਰੀਆਂ ਨੂੰ ਉਤਾਰਿਆਂ ਅਤੇ ਚੜਾਇਆ ਜਾ ਰਿਹਾ ਸੀ। ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਰਿਹਾ ਸੀ ਅਤੇ ਟਰੈਫ਼ਿਕ ਲਾਈਟ ਪੁਆਈਟ ’ਤੇ ਵਾਹਨਾਂ ਦੀ ਭੀੜ ਜਮ੍ਹਾ ਹੋ ਗਈ। ਉਸ ਨੇ ਕਾਰ ’ਚੋਂ ਥੱਲੇ ਉੱਤਰ ਕੇ ਬੱਸ ਚਾਲਕ ਨੂੰ ਆਪਣੀ ਬੱਸ ਸਾਈਡ ’ਤੇ ਲਗਾ ਕੇ ਸਵਾਰੀਆਂ ਉਤਾਰਨ ਲਈ ਆਖਿਆ ਤਾਂ ਚਾਲਕ ਨੇ ਪਹਿਲਾਂ ਉਸ ਦੇ ਸਿਰ ਵਿੱਚ ਪਾਣੀ ਦੀ ਬੋਤਲ ਮਾਰੀ ਅਤੇ ਇਸ ਮਗਰੋਂ ਚਾਲਕ ਅਤੇ ਕਲੀਨਰ ਨੇ ਉਸ ਨੂੰ ਫੜ ਕੇ ਕੁੱਟਿਆ ਗਿਆ। ਇਸ ਧੱਕਾ ਮੁੱਕੀ ਵਿੱਚ ਦੂਜੀ ਧਿਰ ਨੂੰ ਮਾਮੂਲੀ ਚੋਟ ਆਈ ਹੈ। ਉਧਰ, ਸੂਚਨਾ ਮਿਲਦੇ ਹੀ ਪੀਸੀਆਰ ਦੇ ਕਰਮਚਾਰੀਆਂ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੱਸ ਅਤੇ ਕਾਰ ਨੂੰ ਮਟੌਰ ਥਾਣੇ ਲੈ ਗਏ। ਡਾਕਟਰ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਤਾਂ ਪੁਲੀਸ ਮੁਲਾਜ਼ਮਾਂ ਵੱਲੋਂ ’ਤੇ ਬੱਸ ਚਾਲਕ ਨਾਲ ਆਪਸੀ ਸਮਝੌਤਾ ਕਰਨ ਦਾ ਦਬਾਅ ਪਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਨੇ ਬੱਸ ਚਾਲਕ ਅਤੇ ਕਲੀਨਰ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਮਿਲ ਕੇ ਇਨਸਾਫ਼ ਦੀ ਗੁਹਾਰ ਲਗਾਉਣਗੇ।
ਉਧਰ, ਇਸ ਸਬੰਧੀ ਥਾਣਾ ਮਟੌਰ ਦੇ ਐਸਐਚਓ ਜਗਦੇਵ ਸਿੰਘ ਧਾਲੀਵਾਲ ਨੇ ਡਾਕਟਰ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…