
ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਵੱਡੇ ਬਾਦਲ ਦੀ ਹਾਲਤ ਸਥਿਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (94) ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਸ੍ਰੀ ਬਾਦਲ ਨੂੰ ਲੰਘੀ ਰਾਤ ਕਈ ਵਾਰ ਉਲਟੀਆਂ ਆਉਣ ਕਾਰਨ ਉਨ੍ਹਾਂ ਦੀ ਸਿਹਤ ਕਾਫ਼ੀ ਵਿਗੜ ਗਈ ਸੀ ਪਰ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਬੀਤੀ 6 ਜੂਨ ਨੂੰ ਵੀ ਉਨ੍ਹਾਂ ਨੂੰ ਪੇਟ ਵਿੱਚ ਤਕਲੀਫ਼ ਹੋਣ ’ਤੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਲੇਕਿਨ ਸਿਹਤ ਵਿੱਚ ਸੁਧਾਰ ਆਉਣ ਉਪਰੰਤ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ। ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਸੀ ਲੇਕਿਨ ਬੀਤੀ ਰਾਤ ਅਚਾਨਕ ਅਕਾਲੀ ਆਗੂ ਦੀ ਫਿਰ ਤੋਂ ਤਬੀਅਤ ਖ਼ਰਾਬ ਹੋ ਗਈ। ਫੂਡ ਪੁਆਜਨਿੰਗ ਕਾਰਨ ਉਨ੍ਹਾਂ ਨੂੰ ਦਸਤ-ਉਲਟੀਆਂ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ। ਉਂਜ ਉਨ੍ਹਾਂ ਦੀ ਸਿਹਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਸ੍ਰੀ ਬਾਦਲ ਕਰੋਨਾ ਮਹਾਮਾਰੀ ਦੇ ਲਪੇਟੇ ਵਿੱਚ ਆ ਗਏ ਸਨ। ਜਿਸ ਕਾਰਨ ਉਨ੍ਹਾਂ ਨੂੰ ਕਈ ਦਿਨ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਰਹਿਣਾ ਪਿਆ ਸੀ। ਫਰਵਰੀ ਵਿੱਚ ਉਨ੍ਹਾਂ ਨੂੰ ਕੋਵਿਡ ਤੋਂ ਬਾਅਦ ਸਿਹਤ ਜਾਂਚ ਲਈ ਦੁਬਾਰਾ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਸ੍ਰੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਫੂਡ ਪੁਆਜਨਿੰਗ ਦੇ ਚੱਲਦਿਆਂ ਉਲਟੀਆਂ ਲੱਗਣ ਕਾਰਨ ਥੋੜੀ ਸਿਹਤ ਵਿਗੜ ਗਈ ਸੀ ਪਰ ਹੁਣ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਵੁਹ ਜਲਦ ਸਿਹਤਯਾਬ ਹੋ ਕੇ ਪਹਿਲਾਂ ਵਾਂਗ ਲੋਕਾਂ ਵਿੱਚ ਵਿਚਰਨਗੇ।