
ਬਾਦਲਾਂ ਦਾ ਪੋਤਾ ਗੁਰਸ਼ੇਰ ਸਿੰਘ ਬਾਦਲ ਬਣਿਆ ਵਕੀਲ
ਗੁਰਸ਼ੇਰ ਸਿੰਘ ਬਾਦਲ ਨੂੰ ਮਿਲਿਆ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦਾ ਲਾਇਸੈਂਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਨੌਜਵਾਨ ਵਕੀਲ ਗੁਰਸ਼ੇਰ ਸਿੰਘ ਬਾਦਲ ਨੇ ਪੰਜ ਸਾਲ ਸਖ਼ਤ ਮਿਹਨਤ ਕਰਨ ਤੋਂ ਬਾਅਦ ਬੀਏ, ਐਲਐਲਬੀ ਦੀ ਪ੍ਰੀਖਿਆ 75 ਫੀਸਦੀ ਅੰਕਾਂ ਨਾਲ ਪਾਸ ਕਰ ਕੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦਾ ਲਾਇਸੈਂਸ ਹਾਸਲ ਕਰ ਲਿਆ ਹੈ। ਉਨ੍ਹਾਂ ਨੂੰ ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਮਨਿੰਦਰ ਜੀਤ ਯਾਦਵ, ਸਾਬਕਾ ਚੇਅਰਮੈਨ ਕਰਨਜੀਤ ਸਿੰਘ ਨੇ ਬਾਰ ਕੌਂਸਲ ਦਾ ਲਾਇਸੈਂਸ ਜਾਰੀ ਕੀਤਾ।
ਇਸ ਮੌਕੇ ਐਡਵੋਕੇਟ ਗੁਰਸ਼ੇਰ ਸਿੰਘ ਬਾਦਲ ਨੇ ਕਿਹਾ ਕਿ ਉਹ ਹਮੇਸ਼ਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋੜਵੰਦ ਵਿਅਕਤੀਆਂ ਦੇ ਕਾਨੂੰਨਾਂ ਹੱਕਾਂ ਦੀ ਲੜਾਈ ਲੜਦੇ ਰਹਿਣਗੇ। ਇਹ ਵੀ ਦੱਸਣਯੋਗ ਹੈ ਕਿ ਗੁਰਸ਼ੇਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਰਨਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸਰਕਾਰੀ ਹਸਪਤਾਲ ਬੂਥਗੜ੍ਹ ਦੇ ਐਸਐਮਓ ਡਾ. ਜਸਕਰਨਦੀਪ ਕੌਰ ਦੇ ਸਪੁੱਤਰ ਹਨ। ਇਹ ਪਰਿਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਦਾਸ ਸਿੰਘ ਬਾਦਲ ਦੇ ਕੌੜਮੇ ’ਚੋਂ ਹੈ। ਬੱਬੀ ਬਾਦਲ ਦੇ ਦਾਦਾ ਹਰਚੰਦ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੂਰਾਜ ਸਿੰਘ ਸਕੇ ਭਰਾ ਸਨ। ਅੱਗੇ ਬੱਬੀ ਬਾਦਲ ਦੇ ਪਿਤਾ ਸੁਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਚਚੇਰੇ ਭਰਾ ਸਨ, ਪ੍ਰੰਤੂ ਸਿਆਸੀ ਚੌਧਰ ਕਾਰਨ ਇਨ੍ਹਾਂ ਪਰਿਵਾਰਾਂ ਵਿੱਚ ਹੁਣ ਕਾਫ਼ੀ ਹੱਦ ਤੱਕ ਵਖਰੇਵਾਂ ਪੈ ਗਿਆ ਹੈ। ਬੱਬੀ ਬਾਦਲ, ਬਾਦਲਾਂ ਨੂੰ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਤਰ ਗੁਰਦਾਸ ਬਾਦਲ ਇਸ ਸਮੇਂ ਕਾਂਗਰਸ ਨਾਲ ਹਨ। ਇਸ ਮੌਕੇ ਬਾਰ ਕੌਂਸਲ ਦੇ ਵਾਈਸ ਚੇਅਰਮੈਨ ਆਰ.ਕੇ. ਚੌਹਾਨ, ਸਕੱਤਰ ਬਲਜਿੰਦਰ ਸਿੰਘ ਸੈਣੀ, ਐਡਵੋਕੇਟ ਉਦੈ ਚੀਮਾ ਵੀ ਹਾਜ਼ਰ ਸਨ।