ਪੰਥਕ ਤੇ ਸਿਧਾਂਤਕ ਮਸਲਿਆਂ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਬਡੂੰਗਰ ਠੋਸ ਕਦਮ ਚੁੱਕਣ: ਹਰਦੀਪ ਸਿੰਘ

ਸਿਰੋਪਾਓ ਦੀ ਚਲ ਰਹੀ ਦੁਰਵਰਤੋਂ ਨੇ ਇਸ ਵੱਡਮੁੱਲੀ ਦਾਤ ਨੂੰ ਬਹੁਤ ਛੋਟਾ ਕਰ ਦਿੱਤਾ ਹੈ: ਹਰਦੀਪ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜ਼ਾਦ ਮੈਂਬਰ ਅਤੇ ਸਿੰਘ ਸਭਾ ਪੰਜਾਬ ਦੇ ਕਨਵੀਨਰ ਭਾਈ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਅੱਜ ਇੱਥੋਂ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਮਿਲ ਕੇ ਪੰਥਕ ਅਤੇ ਸਿਧਾਂਤਕ ਮਸਲਿਆਂ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜਸੀ ਅਧੀਨਗੀ ਕਰਕੇ ਸ੍ਰੀ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਗਲਤ ਫੈਸਲਿਆਂ ਕਰਕੇ ਜਿਥੇ ਪ੍ਰਬੰਧਕਾਂ ਪ੍ਰਤੀ ਸਿੱਖ ਕੌਮ ਦਾ ਰੋਹ ਵੱਧ ਰਿਹਾ ਹੈ ਉੱਥੇ ਇਨ੍ਹਾਂ ਸੰਸਥਾਵਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪ੍ਰਬੰਧ ਨੂੰ ਸੁਧਾਰਨਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਣ-ਸਨਮਾਨ ਨੂੰ ਬਹਾਲ ਕਰਨਾ, ਮੌਜੂਦਾ ਪ੍ਰਧਾਨ ਸ੍ਰੀ ਬਡੂੰਗਰ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਉਨ੍ਹਾਂ ਦੁਖ ਜਾਹਰ ਕਰਦਿਆਂ ਕਿਹਾ ਕਿ ਹਾਲ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਪੰਥਕ ਕਹਾਉਣ ਵਾਲਿਆਂ ਵੱਲੋਂ ਚੁੱਕੇ ਗਏ ਪੰਥ ਵਿਰੋਧੀ ਕਦਮ ਸਿੱਖ ਕੌਮ ਨੂੰ ਹੋਰ ਨਿਘਾਰ ਵੱਲ ਲੈਕੇ ਗਏ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹਿੰਦੀ ਵਿੱਚ ਛਾਪੀ ਗੁਰੂ ਨਿੰਦਕ ਕਿਤਾਬ ਬਾਰੇ ਸਾਲਾਂ ਤੋਂ ਤੱਥ ਪੇਸ਼ ਨਾ ਕੀਤੇ ਜਾਣਾ ਬਹੁਤ ਦੁਖਦਾਈ ਹੈ। ਗੁਰਦੁਆਰਾ ਸਾਹਿਬਾਨਾਂ ਵਿੱਚ ਅਣਮਤੀ ਤਸਵੀਰਾਂ ਤੇ ਚਿੰਨ੍ਹਾਂ ਦਾ ਚਲਨ ਅਤੇ ਸਿੱਖ ਸਿਧਾਂਤਾਂ ਤੋਂ ਉਲਟ ਕਾਰਵਾਈਆਂ ਨੂੰ ਤੁਰੰਤ ਰੋਕਣ ਦੀ ਲੋੜ ਹੈ। ਸ੍ਰ: ਹਰਦੀਪ ਸਿੰਘ ਨੇ ਕਿਹਾ ਕਿ ਉਪਰੋਕਤ ਮੁੱਦਿਆਂ ਬਾਰੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਵੀ ਮੰਗ ਕੀਤੀ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਸਥਾਨਕ ਗੁਰਦੁਆਰਾ ਅੰਬ ਸਾਹਿਬ ਦੀ ਜਮੀਨ ਅਤੇ ਇਸ ਥਾਂ ’ਤੇ ਨਿਰਧਾਰਤ ਕੀਤੇ ਗਏ ਇੰਸਟੀਚੀਊਟ ਇਲਾਕੇ ਤੋਂ ਖੋਹ ਕੇ ਹੋਰ ਇਲਾਕਿਆਂ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਦੀ ਜਾਇਦਾਦ ਅਤੇ ਸਾਧਨ ਇਸੇ ਇਲਾਕੇ ਵਿੱਚ ਵਰਤੇ ਜਾਣ ਅਤੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿੱਚ ਹਸਪਤਾਲ ਰਾਹੀਂ ਲੋਕ ਭਲਾਈ ਦਾ ਕਾਰਜ ਸ਼ੁਰੂ ਹੋਵੇ। ਉਨ੍ਹਾਂ ਕਿਹਾ ਕਿ ਉਪਰੋਕਤ ਅਤੇ ਹੋਰਨਾਂ ਅਨੇਕਾਂ ਮਸਲਿਆ ਬਾਰੇ ਉਸਾਰੂ ਵਿਚਾਰ ਚਰਚਾ ਕਰਨ ਲਈ ਸ੍ਰੀ ਬਡੂੰਗਰ ਸਮਾਂ ਕੱਢਣ ਤਾਂ ਜੋ ਸਥਾਨਕ ਪ੍ਰਬੰਧ ਬਿਹਤਰ ਕੀਤਾ ਜਾ ਸਕੇ। ਸ੍ਰੀ ਬਡੂੰਗਰ ਨੇ ਇਨ੍ਹਾਂ ਮੁੱਦਿਆਂ ਤੇ ਬੈਠ ਕੇ ਵਿਚਾਰ ਕਰਨ ਦਾ ਵਿਸ਼ਵਾਸ ਦੁਆਇਆ ਹੈ।
ਸਿਰੋਪਾਓ ਲੈਣ ਤੋਂ ਇਨਕਾਰ ਕਰਨ ਬਾਰੇ ਹਰਦੀਪ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਸਿਰੋਪਾਓ ਦੀ ਚਲ ਰਹੀ ਦੁਰਵਰਤੋਂ ਨੇ ਇਸ ਵੱਡਮੁੱਲੀ ਦਾਤ ਨੂੰ ਬਹੁਤ ਛੋਟਾ ਕਰ ਦਿੱਤਾ ਹੈ। ਸਿਰੋਪਾਓ ਦੀ ਬਖਸ਼ਿਸ਼ ਕੇਵਲ ਕੌਮ ਲਈ ਕੀਤੀ ਕਿਸੇ ਵਿਸ਼ੇਸ਼ ਸੇਵਾ ਬਦਲੇ ਹੀ ਹੋਣੀ ਚਾਹੀਦੀ ਹੈ। ਕਿਉਂਕਿ ਵਰਤਮਾਨ ਸ਼੍ਰੋਮਣੀ ਕਮੇਟੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਰਹੀ, ਇਸ ਲਈ ਪ੍ਰਬੰਧ ਤੋਂ ਕਿਸੇ ਪ੍ਰਕਾਰ ਦਾ ਸਨਮਾਨ ਲੈਣਾ ਯੋਗ ਨਹੀਂ। ਇਸ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨਾਲ ਵਿਰੋਧ ਦਾ ਸਵਾਲ ਨਹੀਂ ਹੈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …