
ਬਹੁਜਨ ਸਮਾਜ ਪਾਰਟੀ ਨੇ ਸਰਕਾਰ ਤੋਂ ਕੀਤੀ ਚੋਣਾਂ ਤੋਂ ਪਹਿਲੇ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ
ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਪੰਜਾਬ ਦੇ ਰਾਜਪਾਲ ਦੇ ਨਾਮ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੰਜਾਬ ਦੀ ਸੱਤਾ ਤੇ ਕਾਬਿਜ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋੱ ਪਹਿਲਾਂ ਜਿਹੜੇ ਵਾਇਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਵਾਇਆ ਜਾਵੇ। ਬਸਪਾ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਪਹੁੰਚੇ ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ ਬਜਟ ਵਿੱਚ ਚੋਣ ਵਾਅਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ ਅਤੇ ਬਹੁਜਨ ਸਮਾਜ ਦੇ ਲੋਕਾਂ ਨਾਲ ਕੀਤੇ ਵਾਇਦੇ ਪੂਰੇ ਨਹੀਂ ਕੀਤੇ ਗਏ।
ਪਾਰਟੀ ਵੱਲੋਂ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ 2017-18 ਦਾ ਬਜਟ ਕੁੱਲ 1.18.237.90 ਕਰੋੜ ਹੈ, ਇਸ ਬਜਟ ਵਿੱਚ ਅਨੁਸੂਚਿਤ ਜਾਤੀ ਦੀ ਆਬਾਦੀ ਦੇ ਮੁਤਾਬਿਕ ਬਜਟ ਵਿੱਚ ਜਗਾ ਨਹੀਂ ਦਿੱਤੀ ਗਈ ਜੋ ਕਿ ਸਰਕਾਰ ਵੱਲੋਂ ਬਹੁਜਨ ਸਮਾਜ ਦੇ ਲੋਕਾਂ ਨਾਲ ਬੇਇਨਸਾਫੀ ਹੈ। ਇਸ ਵਿੱਚ ਗਰੀਬ ਕਿਸਾਨਾਂ ਦੇ ਕਰਜੇ ਪੂਰੇ ਦੇ ਪੂਰੇ ਮਾਫ ਕਰਨ ਅਤੇ ਕਿਸਾਨਾਂ ਦੇ ਨਾਲ ਨਾਲ ਖੇਤ ਮਜਦੂਰ, ਪੇਂਡੂ ਮਜਦੂਰ, ਛੋਟਾ ਵਪਾਰੀ, ਛੋਟਾ ਦੁਕਾਨਦਾਰ ਅਤੇ ਵਿਦਿਆਰਥੀਆਂ ਵੱਲੋਂ ਲਏ ਪੜਾਈ ਲਈ ਲਏ ਕਰਜੇ ਵੀ ਮਾਫ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋੱ ਇਲਾਵਾ ਗਰੀਬ ਵਰਗ ਦੇ ਘਰਾਂ ਦੇ ਬਿਜਲੀ ਦੇ ਬਿੱਲਾਂ ਤੇ ਸ਼ਰਤਾਂ ਨੂੰ ਹਟਾ ਕੇ ਪੂਰੇ ਦੇ ਪੂਰੇ ਬਿਜਲੀ ਦੇ ਬਿੱਲ ਕਿਸਾਨੀ ਦੀ ਤਰ੍ਹਾਂ ਮੋਟਰਾਂ ਦੇ ਬਿੱਲ ਦੇ ਪੈਟਰਨ ਤੇ ਮਾਫ ਕਰਨ, ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਤੁਰੰਤ ਲਾਗੂ ਕਰਨ, ਪੋਸਟ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਦੀ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿੱਚ ਦਾਖਲੇ ਸਮੇੱ ਹੋ ਰਹੀ ਖੱਜਲ ਖਰਾਬੀ ਤੇ ਮਾਨਸਿਕ ਪ੍ਰੇਸ਼ਾਨੀ ਨੂੰ ਬੰਦ ਕਰਵਾਉਣ ਅਤੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੱੈਕੀਆਂ ਦਾ ਬਿਜਲੀ ਦਾ ਬਿਲ ਮਾਫ ਕਰਨ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪਾਲ ਸਿੰਘ ਰੱਤੂ, ਹਰਨੇਕ ਸਿੰਘ, ਨਛੱਤਰ ਸਿੰਘ, ਸੁਰਿੰਦਰ ਪਾਲ ਸਿੰਘ, ਸੁਖਦੇਵ ਸਿੰਘ ਚੱਪੜਚਿੜੀ, ਹਨੀ ਸਿੰਘ, ਹਰਕਾ ਦਾਸ, ਹਰਬੰਸ ਸਿੰਘ, ਬਨਾਰਸੀ ਦਾਸ, ਸੁੱਚਾ ਸਿੰਘ ਬਲੌਂਗੀ, ਧਰਮ ਸਿੰਘ ਸੰਤੇਮਾਜਰਾ, ਗੁਲਜ਼ਾਰ ਸਿੰਘ, ਹਰਦੀਪ ਸਿੰਘ, ਛੋਟਾ ਸਿੰਘ, ਮੇਜਰ ਸਿੰਘ, ਰਾਮ ਲਾਲ ਅਤੇ ਰਜਿੰਦਰ ਸਿੰਘ ਬੜੌਂਦੀ ਵੀ ਹਾਜ਼ਰ ਸਨ।