nabaz-e-punjab.com

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਹੁ-ਕਰੋੜੀ ਘਪਲੇ ਵਿੱਚ ਵਿਜੀਲੈਂਸ ਨੇ ਹੁਣ ਤੱਕ 16 ਮੁਲਜ਼ਮਾਂ ਨੂੰ ਕੀਤਾ ਜਾ ਚੁੱਕਾ ਹੈ ਗ੍ਰਿਫਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਦੌਰਾਨ ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਗਲਤ ਤਰੀਕੇ ਨਾਲ ਅਮਰੂਦ ਦੇ ਬੂਟਿਆਂ ਦੀ ਮੁਆਵਜ਼ਾ ਰਾਸ਼ੀ ਘਪਲੇ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਪਛਾਣ ਐਡਵੋਕੇਟ ਰੋਹਿਤ ਸ਼ਰਮਾ ਵਜੋਂ ਹੋਈ ਹੈ, ਜੋ ਕਿ ਫਰਵਰੀ 2020 ਵਿੱਚ ਸੇਵਾਮੁਕਤ ਹੋਏ ਸੀਨੀਅਰ ਪੀਸੀਐਸ ਅਧਿਕਾਰੀ ਸ਼ਿਵ ਕੁਮਾਰ ਦਾ ਬੇਟਾ ਹੈ, ਜੋ ਸਾਲ 2015-16 ਦੌਰਾਨ ਗਮਾਡਾ ਵਿੱਚ ਲੈਂਡ ਐਕੂਜ਼ੀਸ਼ਨ ਕੁਲੈਕਟਰ (ਐਲਏਸੀ) ਵਜੋਂ ਤਾਇਨਾਤ ਰਹੇ ਹਨ। ਇਸ ਬਹੁ-ਚਰਚਿਤ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਹੁਣ ਤੱਕ ਗਮਾਡਾ ਅਧਿਕਾਰੀਆਂ ਸਮੇਤ ਕਰੀਬ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣੇ ਵਿੱਚ ਧਾਰਾ 409, 420, 465, 466, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ), 13 (2) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਰੋਹਿਤ ਸ਼ਰਮਾ ਦੀ ਪਤਨੀ ਭਾਰਤੀ ਨੇ ਪਿੰਡ ਬਾਕਰਪੁਰ ਵਿੱਚ 4 ਕਨਾਲ ਜ਼ਮੀਨ ਵਿੱਚ ਅਮਰੂਦ ਦੀ ਖੇਤੀ ਦੇ ਬਦਲੇ ਵਿੱਚ ਗਲਤ ਤਰੀਕੇ ਨਾਲ ਕਰੀਬ 80 ਲੱਖ ਰੁਪਏ ਦਾ ਮੁਆਵਜ਼ਾ ਵਸੂਲਿਆ ਹੈ। ਉਨ੍ਹਾਂ ਨੇ ਇਹ ਜ਼ਮੀਨ ਸਾਲ 2017 ਵਿੱਚ ਖ਼ਰੀਦੀ ਸੀ। ਵਿਜੀਲੈਂਸ ਦੀ ਜਾਂਚ ਟੀਮ ਵੱਲੋਂ ਮੁਲਜ਼ਮ ਨੂੰ ਅੱਜ ਮੁਹਾਲੀ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਕੁੱਝ ਸਮਾਂ ਪਹਿਲਾਂ ਹੀ ਇਹ ਮਾਮਲਾ ਮੀਡੀਆ ਵਿੱਚ ਉਜਾਗਰ ਕੀਤਾ ਸੀ।
ਵਿਜੀਲੈਂਸ ਦੀ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਾਲ 2016 ਵਿੱਚ ਗਮਾਡਾ ਨੇ ਮੁਹਾਲੀ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਜ਼ਮੀਨ ਐਕਵਾਇਰ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਸਾਲ 2017 ਵਿੱਚ ਧਾਰਾ 4 ਅਤੇ 2020 ਵਿੱਚ ਧਾਰਾ 19 ਅਧੀਨ ਨੋਟੀਫ਼ਿਕੇਸ਼ਨ ਜਾਰੀ ਕੀਤੇ ਸਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਨੇ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਨੇ ਗਮਾਡਾ, ਮਾਲ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲ ਕੇ ਆਪਣੇ ਹੋਰ ਸਾਥੀਆਂ ਮਿਲ ਕੇ ਵਾਹੀਯੋਗ ਜ਼ਮੀਨ ਦੇ ਪਟੇਨਾਮੇ/ਮੁਖ਼ਤਿਆਰਨਾਮਾ ਲੈ ਕੇ ਅਮਰੂਦਾਂ ਦੇ ਬਾਗ ਲਗਾਏ ਗਏ। ਇਨ੍ਹਾਂ ਨੇ ਤਤਕਾਲੀ ਪਟਵਾਰੀ ਬਚਿੱਤਰ ਸਿੰਘ ਹੁਣ ਕਾਨੂੰਗੋਈ ਦੀ ਮਿਲੀਭੁਗਤ ਨਾਲ ਸਾਲ 2019 ਵਿੱਚ ਜਾਅਲੀ ਗਿਰਦਾਵਰੀ ਰਜਿਸਟਰ ਤਿਆਰ ਕਰਵਾਇਆ, ਜਿਸ ਵਿੱਚ ਉਸਨੇ 2016 ਤੋਂ ਆਪਣੀ ਜ਼ਮੀਨ ਵਿੱਚ ਅਮਰੂਦ ਦੇ ਬਾਗਾਂ ਦੇ ਮਾਲਕ ਦੱਸ ਕੇ ਗਲਤ ਤਰੀਕੇ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਗਿਆ।
ਵਿਜੀਲੈਂਸ ਅਨੁਸਾਰ ਭੁਪਿੰਦਰ ਸਿੰਘ ਨੇ ਖ਼ੁਦ ਅਤੇ ਆਪਣੇ ਪਰਿਵਾਰਕ ਮੈਂਬਰਾਂ ਲਈ ਅਮਰੂਦਾਂ ਦੇ ਬਾਗ ਲਈ ਲਗਪਗ 24 ਕਰੋੜ ਰੁਪਏ ਦਾ ਮੁਆਵਜ਼ਾ ਲਿਆ ਹੈ। ਇਸ ਮਾਮਲੇ ਵਿੱਚ ਕਈ ਹੋਰ ਵਿਅਕਤੀਆਂ ਨੇ ਵੀ ਆਪਣੀ ਜ਼ਮੀਨ ਵਿੱਚ ਅਮਰੂਦਾਂ ਦੇ ਬਾਗ ਦਿਖਾ ਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਖੋਰਾ ਲਾਇਆ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਦੀ ਤਫ਼ਤੀਸ਼ ਹਾਲੇ ਜਾਰੀ ਹੈ।

Load More Related Articles

Check Also

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 10 ਅਪਰੈਲ: ਇੱਥੋ…