ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਬਕਰੀਦ ਦਾ ਤਿਉਹਾਰ: ਬਲਬੀਰ ਸਿੱਧੂ

ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿਹਤ ਮੰਤਰੀ ਸਿੱਧੂ ਨੂੰ ਮਿਲ ਕੇ ਦਿੱਤੀ ਬਕਰੀਦ ਦੀ ਮੁਬਾਰਕਵਾਦ

ਸਿਹਤ ਮੰਤਰੀ ਵੱਲੋਂ ਤਿਉਹਾਰ ਮਨਾਉਂਦੇ ਸਮੇਂ ਕਰੋਨਾਵਾਇਰਸ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਗਸਤ:
ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਜ ਬਕਰੀਦ ਦੇ ਪਵਿੱਤਰ ਦਿਹਾੜੇ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੁਬਾਰਕਵਾਦ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਕੁਲ ਦੁਨੀਆਂ ਵਿੱਚ ਬਕਰੀਦ ਦਾ ਪਾਵਨ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਲੋਕਾਂ ਦੇ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਕੁਰਬਾਨੀ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਹਰ ਕਿਸੇ ਨੂੰ ਸਰਬੱਤ ਦੇ ਭਲੇ ਲਈ ਕਾਰਜਸ਼ੀਲ ਹੋਣ ਲਈ ਵੀ ਪ੍ਰੇਰਿਤ ਕਰਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਕੁਰਬਾਨੀ ਦਾ ਇਹ ਤਿਉਹਾਰ ਹਰ ਧਰਮ ਦੇ ਲੋਕਾਂ ਅੰਦਰ ਆਪਣੇ ਧਰਮ, ਕੌਮ ਅਤੇ ਦੇਸ਼ ਪ੍ਰਤੀ ਸ਼ਰਧਾ ਅਤੇ ਬਲੀਦਾਨ ਦੀ ਮਜ਼ਬੂਤ ਭਾਵਨਾ ਭਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਕਰੋਨਾਵਾਇਰਸ ਮਹਾਮਾਰੀ ਦੇ ਭਿਆਨਕ ਦੌਰ ਵਿੱਚ ਇਹ ਪਵਿੱਤਰ ਤਿਉਹਾਰ ਮਨਾ ਰਹੇ ਹਾਂ ਜਿਸ ਕਾਰਨ ਲੋਕਾਂ ਨੂੰ ਇਕ ਦੂਜੇ ਤੋਂ ਦੂਰੀ ਰੱਖਣ ਤੇ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਸਮੁੱਚੀ ਲੋਕਾਈ ਦਾ ਮੁਕੱਦਸ ਤਿਉਹਾਰ ਹੈ ਅਤੇ ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੀ ਸੱਚੀ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਨਫ਼ਰਤੀ ਅਤੇ ਫੁੱਟਪਾਊ ਸ਼ਕਤੀਆਂ ਦੇ ਮੁਕਾਬਲੇ ਲਈ ਪਿਆਰ, ਸਾਂਝ ਅਤੇ ਹਮਰਦਰਦੀ ਦੀ ਭਾਵਨਾ ਨਾਲ ਵਿਚਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਉਹ ਖ਼ਾਸ ਮੌਕਾ ਜਦ ਦੁਨੀਆਂ ਨੂੰ ਖ਼ੁਸ਼ੀ ਅਤੇ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਂਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਧਰਮ ਅਤੇ ਹਰ ਤਬਕੇ ਦੇ ਲੋਕਾਂ ਅਤੇ ਖੇਤਰਾਂ ਦਾ ਬਰਾਬਰ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਉਨ੍ਹਾਂ ਦੀ ਸਿਖਰਲੀ ਤਰਜ਼ੀਹ ਹੈ। ਜਿਸ ਲਈ ਉਨ੍ਹਾਂ ਨੂੰ ਮਿਆਰੀ ਅਤੇ ਸੁਚੱਜੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਗਿੱਦੜਬਾਹਾ ਦੇ ਵਿਧਾਇਕ ਰਾਜਾ ਅਮਰਿੰਦਰ ਸਿੰਘ, ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਦਿਲਵਰ ਖਾਨ, ਡਾ. ਅਬਦੁਲ ਸਿਤਾਰ, ਬਹਾਦਰ ਖ਼ਾਨ, ਸੁਲਤਾਨ ਖ਼ਾਨ, ਜੀਐਸ ਰਿਆੜ ਮੌਜੂਦ ਸਨ।

Load More Related Articles
Load More By Nabaz-e-Punjab
Load More In Festivals

Check Also

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ

ਦੁਸਹਿਰਾ: ਰਾਵਣ ਦੇ ਨਾਲ ਨਸ਼ਿਆਂ ਦਾ ਪੁਤਲਾ ਫੂਕਿਆ ਡੀਸੀ ਆਸ਼ਿਕਾ ਜੈਨ ਨੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ …