
ਸਿਹਤ ਮੰਤਰੀ ਬਲਬੀਰ ਸਿੱਧੂ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਇਕ ਦੂਜੇ ’ਤੇ ਸਾਧਿਆ ਨਿਸ਼ਾਨਾ
ਸਾਬਕਾ ਮੇਅਰ ਕੁਲਵੰਤ ਸਿੰਘ ਦਾ ‘ਆਜ਼ਾਦ ਗਰੁੱਪ’ ਸੁਖਬੀਰ ਬਾਦਲ ਦੀ ਅਸਲੀ ਟੀਮ: ਸਿੱਧੂ
ਨਗਰ ਨਿਗਮ ਕੰਮਾਂ ਨੂੰ ਆਪਣੀ ਪ੍ਰਾਪਤੀਆਂ ਦੱਸਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੰਤਰੀ: ਕੁਲਵੰਤ ਸਿੰਘ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਨਗਰ ਨਿਗਮ ਚੋਣਾਂ ਲੜਨ ਲਈ ਬਣਾਏ ਗਏ ‘ਆਜ਼ਾਦ ਗਰੁੱਪ’ ’ਤੇ ਟਿੱਪਣੀ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਬਕਾ ਮੇਅਰ ਦੇ ਆਜ਼ਾਦ ਗਰੁੱਪ ਨੂੰ ਸੁਖਬੀਰ ਬਾਦਲ ਦੀ ਅਸਲ ਟੀਮ ਗਰਦਾਨਦਿਆਂ ਕਿਹਾ ਕਿ ਮੁਹਾਲੀ ਵਿੱਚ ਚੋਣਾਂ ਤੋਂ ਪਹਿਲਾਂ ਹੀ ਵਿਰੋਧੀ ਧਿਰ ਨੇ ਆਪਣੀ ਹਾਰ ਮੰਨ ਲਈ ਹੈ ਅਤੇ ਸੁਖਬੀਰ ਬਾਦਲ ਚੋਣ ਨਿਸ਼ਾਨ ’ਤੇ ਚੋਣ ਲੜਨ ਤੋਂ ਭੱਜ ਗਏ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅੰਦਰੋ-ਅੰਦਰੀ ਇਹ ਅਹਿਸਾਸ ਹੋ ਚੁੱਕਾ ਹੈ ਕਿ ਬੇਅਦਬੀ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਹਮਾਇਤ ਕਾਰਨ ਮੁਹਾਲੀ ਦੇ ਸੂਝਵਾਨ ਵੋਟਰਾਂ ਨੇ ਅਕਾਲੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। ਇਸ ਲਈ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ‘ਆਜ਼ਾਦ ਗਰੁੱਪ’ ਬਣਾ ਕੇ ਚੋਣ ਲੜਨ ਦੀ ਨਵੀਂ ਚਾਲ ਚੱਲੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਬਕਾ ਮੇਅਰ ਦੇ ਧੜੇ ਨੂੰ ਸੁਖਬੀਰ ਦੀ ਪੂਰੀ ਸਰਪ੍ਰਸਤੀ ਹਾਸਲ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਨੂੰ ਪਾਰਟੀ ’ਚੋਂ ਕੱਢਣ ਅਤੇ ਅਤੇ ਸਾਥੀ ਕੌਂਸਲਰਾਂ ਵੱਲੋਂ ਅਸਤੀਫ਼ਾ ਦੇਣ ਨੂੰ ਢੋਂਗ ਦੱਸਦਿਆਂ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਡਰਾਮੇਬਾਜ਼ੀ ਨਹੀਂ ਚੱਲਣ ਦਿੱਤੀ ਜਾਵੇਗੀ। ਕਿਉਂਕਿ ਲੋਕ ਇਹ ਜਾਣਦੇ ਹਨ ਕਿ ਸਾਬਕਾ ਕੌਂਸਲਰਾਂ ਨੇ ਚੋਣਾਂ ਤੋਂ ਬਾਅਦ ਦੁਬਾਰਾ ਅਕਾਲੀ ਦਲ ਵਿੱਚ ਵਾਪਸ ਚਲੇ ਜਾਣਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਇਹ ਗੱਲ ਭੁੱਲ ਚੁੱਕੇ ਹਨ ਕਿ 5 ਸਾਲ ਪਹਿਲਾਂ ਉਹ ਕਾਂਗਰਸ ਦੀ ਮਦਦ ਨਾਲ ਹੀ ਮੇਅਰ ਦੀ ਕੁਰਸੀ ’ਤੇ ਕਾਬਜ਼ ਹੋਏ ਸੀ ਅਤੇ ਬਾਅਦ ਵਿੱਚ ਵਫ਼ਾਦਾਰੀ ਬਦਲ ਕੇ ਮੁੜ ਅਕਾਲੀ ਦਲ ’ਚ ਚਲੇ ਗਏ ਸੀ। ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਵੱਲੋਂ ਵਿਕਾਸ, ਲੋਕਪੱਖੀ ਨੀਤੀਆਂ ਅਤੇ ਸ਼ਹਿਰ ਵਾਸੀਆਂ ਮਸਲਿਆਂ ਨੂੰ ਹੱਲ ਕਰਾਉਣ ਦੇ ਮੁੱਦੇ ’ਤੇ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਉਹ ਹੂੰਝਾਫੇਰ ਜਿੱਤ ਹਾਸਲ ਕਰਨਗੇ ਅਤੇ ਐਤਕੀਂ ਸਰਕਾਰ ਆਪਣਾ ਮੇਅਰ ਬਣਾਏਗੀ।
ਉਧਰ, ਦੂਜੇ ਪਾਸੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਿਹਤ ਮੰਤਰੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸ੍ਰੀ ਸਿੱਧੂ ਨਿਰ੍ਹਾ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਮੰਤਰੀ ਦੀ ਬਿਆਨਬਾਜ਼ੀ ਨੂੰ ਹਾਸੋਹੀਣੀ ਦੱਸਦਿਆਂ ਕਿਹਾ ਕਿ ਉਹ (ਸਿੱਧੂ) ਸਪੱਸ਼ਟ ਕਰਨ ਪਿਛਲੇ 4 ਸਾਲਾਂ ਵਿੱਚ ਕੀ ਵਿਕਾਸ ਕੀਤਾ ਹੈ ਅਤੇ ਇਸ ਸਬੰਧੀ ਤੱਥਾਂ ਦੇ ਆਧਾਰ ’ਤੇ ਲੋਕਾਂ ਨੂੰ ਦੱਸਣ। ਸਾਬਕਾ ਮੇਅਰ ਨੇ ਕਿਹਾ ਕਿ ਉਨ੍ਹਾਂ ਨੇ ਪੰਜ ਸਾਲ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਦੇ ਕੰਮ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਲੋਕਾਂ ਦੀ ਕਚਹਿਰੀ ਵਿੱਚ ਆਪਣਾ ਰਿਪੋਰਟ ਕਾਰਡ ਪੇਸ਼ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਸ਼ਹਿਰ ਦੇ ਕੌਂਸਲਰਾਂ ਵੱਲੋਂ ਸਰਬਸੰਮਤੀ ਪਾਸ ਕੀਤੇ ਕੰਮਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖ ਕੇ ਸਿਹਤ ਮੰਤਰੀ ਆਪਣੀ ਪ੍ਰਾਪਤੀਆਂ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਟੀ ਬੱਸ ਸਰਵਿਸ ਸਮੇਤ ਹੋਰ ਕਈ ਲੋਕ ਹਿੱਤ ਕੰਮਾਂ ’ਤੇ ਰੋਕ ਲਗਾਉਣ ਵਾਲੇ ਕਾਂਗਰਸੀ ਮੰਤਰੀ ਤੋਂ ਸ਼ਹਿਰ ਵਾਸੀ ਭਲੀਭਾਂਤ ਜਾਣੂ ਹਨ।