Nabaz-e-punjab.com

ਬਲਬੀਰ ਸਿੱਧੂ ਨੇ ਪੁੱਡਾ ਮੰਤਰੀ ਤੋਂ ਕਿਸਾਨਾਂ ਦੀ ਲੈਂਡ ਪੁਲਿੰਗ ਸਣੇ ਹੋਰ ਅਹਿਮ ਮੰਗਾਂ ਮਨਵਾਈਆਂ

ਲੈਂਡ ਪੁਲਿੰਗ ਪਲਾਟਾਂ ਦੇ ਪਰਿਵਾਰਕ ਤਬਾਦਲੇ ਪਿੱਛੋਂ ਨਿਰਮਾਣ ਸਮਾਂ ਲਾਭ ਦੀ ਹੱਦ 3 ਤੋਂ 5 ਸਾਲ ਕੀਤੀ ਜਾਵੇਗੀ

ਅਕਾਲ ਆਸ਼ਰਮ ਕਲੋਨੀ ਸੋਹਾਣਾ ਤੇ ਗਰੀਨ ਐਨਕਲੇਵ ਨੂੰ ਰੈਗੂਲਰ ਕਰਨ ਦਾ ਮੁੱਦਾ ਵੀ ਵਿਚਾਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਲੈਂਡ ਪੁਲਿੰਗ ਸਣੇ ਹੋਰ ਅਹਿਮ ਮੰਗਾਂ ਅਤੇ ਵੱਖ-ਵੱਖ ਸੈਕਟਰਾਂ ਅਤੇ ਪੇਂਡੂ ਲੋਕਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਬੁੱਧਵਾਰ ਨੂੰ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ (ਪੁੱਡਾ) ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਮੀਟਿੰਗ ਕੀਤੀ। ਇੱਥੇ ਫੇਜ਼-8 ਸਥਿਤ ਗਮਾਡਾ\ਪੁੱਡਾ ਭਵਨ ਵਿੱਚ ਕਰੀਬ ਢਾਈ ਘੰਟਾ ਚੱਲੀ ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਪੁੱਡਾ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ ਅਤੇ ਗਮਾਡਾ ਦੇ ਸੀਨੀਅਰ ਟਾਊਨ ਪਲਾਨਰ ਪੰਕਜ ਬਾਵਾ, ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਰਹੇ।
ਇਸ ਮੌਕੇ ਸ੍ਰੀ ਸਿੱਧੂ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੇ ਪੁੱਡਾ ਮੰਤਰੀ ਅੱਗੇ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਮੀਟਿੰਗ ਵਿੱਚ ਲਖਨੌਰ ਦੇ ਨੰਬਰਦਾਰ ਜਸਵਿੰਦਰ ਸਿੰਘ ਗਿੱਲ, ਬੂਟਾ ਸਿੰਘ ਸੋਹਾਣਾ, ਤਾਰਾ ਸਿੰਘ, ਦਵਿੰਦਰ ਸਿੰਘ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਪੰਚ, ਸਰਬਜੀਤ ਸਿੰਘ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਈਕੋ ਸਿਟੀ ਦੀ ਤਰਜ਼ ’ਤੇ ਐਰੋਸਿਟੀ, ਆਈਟੀ ਸਿਟੀ ਅਤੇ 88-89 ਸੈਕਟਰਾਂ ਵਿੱਚ ‘ਪ੍ਰਾਈਮ ਲੋਕੇਸ਼ਨ ਚਾਰਜਿਜ਼’ ਮੁਆਫ਼ ਕਰਨ ਦੀ ਮੰਗ ਕੀਤੀ। ਜਿਸ ’ਤੇ ਦੋਵਾਂ ਮੰਤਰੀਆਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਦੋਵੇਂ ਮੰਤਰੀਆਂ ਨੇ ਏਅਰਪੋਰਟ ਨੇੜੇ ਪਿੰਡ ਬਾਕਰਪੁਰ ਦੇ ਕਿਸਾਨਾਂ ਨੂੰ ਐਰੋਸਿਟੀ ਦੇ ਸੀ ਤੇ ਡੀ ਬਲਾਕ ਵਿੱਚ 100 ਗਜ਼ ਕਵਰਡ ਏਰੀਆ ਵਾਲੇ ਕਮਰਸ਼ੀਅਲ ਪਲਾਟ ਦੇਣ ਦਾ ਵੀ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪਾਰਕਿੰਗ ਸਮੇਤ 121 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਦਿੱਤਾ ਜਾ ਰਿਹਾ ਸੀ। ਜਿਸ ’ਚੋਂ ਕਵਰਡ ਏਰੀਆ ਕਰੀਬ 60 ਗਜ਼ ਹੀ ਬਣਦਾ ਸੀ।
ਈਕੋ ਸਿਟੀ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਅਜੀਤ ਸਿੰਘ ਤੇ ਹੋਰਾਂ ਵੱਲੋਂ ਰੱਖੀ ਮੰਗ ’ਤੇ ਲੈਂਡ ਪੁਲਿੰਗ ਦੇ ਪਲਾਟਾਂ ਦੇ ਪਰਿਵਾਰਕ ਤਬਾਦਲੇ ਦੌਰਾਨ ਨਿਰਮਾਣ ਸਮੇਂ ਵਿੱਚ ਰਿਆਇਤ ਤਿੰਨ ਦੀ ਥਾਂ ਪੰਜ ਸਾਲ ਕਰਨ ਦਾ ਫੈਸਲਾ ਹੋਇਆ। ਸ੍ਰੀ ਸਰਕਾਰੀਆ ਨੇ ਲੈਂਡ ਪੁਲਿੰਗ ਪਲਾਟਾਂ ਦੀ ਰਜਿਸਟਰੇਸ਼ਨ ਅਤੇ ਹੋਰ ਖ਼ਰਚਿਆਂ ’ਤੇ 3 ਫੀਸਦੀ ਫੀਸ ਨੂੰ ਵੀ ਮੁਆਫ਼ ਕਰਨ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਪਿੰਡ ਬਾਕਰਪੁਰ, ਸੋਹਾਣਾ, ਮੌਲੀ ਬੈਦਵਾਨ, ਲਖਨੌਰ ਤੇ ਚਾਚੋ ਮਾਜਰਾ ਵਿੱਚ ਸੀਵਰੇਜ ਦਾ ਪੱਧਰ ਨਵੇਂ ਸੈਕਟਰਾਂ ਮੁਤਾਬਕ ਕਰਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪ੍ਰਾਪਰਟੀ ਡੀਲਰਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਵਫ਼ਦ ਨੇ ਹਰਿਆਣਾ ਦੀ ਤਰਜ਼ ’ਤੇ ਸ਼ਹਿਰ ਦੇ 3370 ਬੂਥ ਤੇ ਸਿੰਗਲ ਸਟੋਰੀ ਦੁਕਾਨਾਂ ਉੱਤੇ ਪਹਿਲੀ ਮੰਜ਼ਲ ਬਣਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ। ਜਿਸ ਲਈ ਉਨ੍ਹਾਂ ਸਰਕਾਰ ਨੂੰ ਬਣਦੀ ਫੀਸ ਦੇਣ ਦੀ ਸਹਿਮਤੀ ਪ੍ਰਗਟਾਈ। ਇਸ ਮੰਗ ’ਤੇ ਪੁੱਡਾ ਮੰਤਰੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਅਕਾਲ ਆਸ਼ਰਮ ਕਲੋਨੀ ਸੋਹਾਣਾ ਅਤੇ ਗਰੀਨ ਐਨਕਲੇਵ ਨੂੰ ਵੀ ਰੈਗੂਲਰ ਕਰਨ ’ਤੇ ਚਰਚਾ ਕੀਤੀ। ਪਿੰਡ ਚਿੱਲਾ ਦੇ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਮਾੜੀ ਲਈ ਥਾਂ, ਸ਼ਮਸ਼ਾਨਘਾਟ ਦੀ ਸਮੱਸਿਆ ਤੇ ਸੀਵਰੇਜ ਦਰੁਸਤ ਕਰਨ ਅਤੇ ਬਰਸਾਤੀ ਪਾਣੀ ਦਾ ਨਿਕਾਸ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਇਸ ਸਬੰਧੀ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਦੋਵੇਂ ਮੰਤਰੀਆਂ ਨੇ ਅਧਿਕਾਰੀਆਂ ਨੂੰ ਮੁਹਾਲੀ ’ਚੋਂ ਲੰਘਦੇ ਗੰਦੇ ਨਾਲੇ ਦੀ ਸਫ਼ਾਈ ਕਰਵਾਉਣ ਦੇ ਆਦੇਸ਼ ਦਿੱਤੇ ਅਤੇ ਪਾਣੀ ਦੇ ਬਿੱਲਾਂ ਵਿੱਚ ਇਕਸਾਰਤਾ ਲਿਆਉਣ ਲਈ ਕਿਹਾ। ਪੰਚਮ ਸੁਸਾਇਟੀ ਵਿਚਲੇ ਫਲੈਟਾਂ ਦੇ ਬਾਸ਼ਿੰਦਿਆਂ ਨੂੰ ਸਾਲ 2006 ਤੋਂ ਰਹਿੰਦਾ ਸਰਕਾਰੀ ਬਕਾਇਆ ਭਰਨ ਮਗਰੋਂ ਮਾਲਕਾਨਾ ਹੱਕ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇਜਿੰਦਰ ਪੂਨੀਆ, ਭਗਤ ਸਿੰਘ ਨਾਮਧਾਰੀ, ਹਰਦਿਆਲ ਚੰਦ ਬਡਬਰ, ਪੰਚਮ ਸੁਸਾਇਟੀ ਦੇ ਵਿਨੀਤ ਮਲਿਕ, ਅਮਨਪ੍ਰੀਤ ਵਿਕਟਰ ਅਤੇ ਸੁੱਚਾ ਸਿੰਘ ਕਲੌੜ, ਅਜੈਬ ਸਿੰਘ ਬਾਕਰਪੁਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …