
ਮਿਸ਼ਨ ਫਤਿਹ-2: ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੋਵਿਡ ਫਾਸਟ ਟੈਸਟਿੰਗ ਮਸ਼ੀਨ ਲੋਕਾਂ ਨੂੰ ਸਮਰਪਿਤ
ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਸਥਾਪਿਤ ਕੀਤੀ ਕੋਵਿਡ ਫਾਸਟ ਟੈਸਟਿੰਗ ਮਸ਼ੀਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਮਾਤ ਦੇਣ ਲਈ ਸ਼ੁਰੂ ਕੀਤੇ ਮਿਸ਼ਨ ਫਤਿਹ-2 ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਜ਼ਿਲ੍ਹਾ ਪੱਧਰੀ ਹਸਪਤਾਲ ਵਿਖੇ ਪਹਿਲੀ ਕੋਵਿਡ ਫਾਸਟ ਟੈਸਟਿੰਗ ਮਸ਼ੀਨ (ਐਬਟ ਆਈਡੀ ਨਾਓ ਮਸ਼ੀਨ) ਲੋਕਾਂ ਨੂੰ ਸਮਰਪਿਤ ਕੀਤੀ ਗਈ। ਇਹ ਮਸ਼ੀਨ ਅਮਰੀਕਾ ਆਧਾਰਿਤ ਸਮਾਜ ਸੇਵੀ ਸੰਸਥਾ ਪਾਥ ਵੱਲੋਂ ਦਾਨ ਵਿੱਚ ਦਿੱਤੀ ਗਈ ਹੈ। ਖੇਤਰੀ ਪ੍ਰੋਗਰਾਮ ਅਫ਼ਸਰ ਡਾ. ਸੁਰਭੀ ਸੌਕੰਦ ਨੇ ਦੱਸਿਆ ਕਿ ਸੰਸਥਾ ਨੇ 6 ਹਜ਼ਾਰ ਰੈਪਿਡ ਕਿੱਟਾਂ ਅਤੇ 2 ਹਜ਼ਾਰ ਟੈਸਟ ਕਿੱਟਾਂ ਵੀ ਦਾਨ ਕੀਤੀਆਂ ਹਨ। ਡਾ. ਪ੍ਰੀਤੀ ਸਰੀਨ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਪਾਜ਼ੇਟਿਵ ਮਰੀਜ਼ ਦੀ ਰਿਪੋਰਟ 5 ਮਿੰਟ ਅਤੇ ਨੈਗੇਟਿਵ ਮਰੀਜ਼ ਦੀ ਰਿਪੋਰਟ 15 ਮਿੰਟ ਵਿੱਚ ਮਿਲ ਸਕੇਗੀ। ਇਹ ਮਸ਼ੀਨ ਦਿਨ ਵਿੱਚ 30 ਟੈਸਟ ਕਰ ਸਕਦੀ ਹੈ। ਉਨ੍ਹਾਂ ਨੇ ਉਦਘਾਟਨ ਮੌਕੇ ਕਰੋਨਾ ਟੈਸਟਿੰਗ ਸਬੰਧੀ ਡੈਮੋ ਵੀ ਦਿਖਾਇਆ।
ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਕਈ ਵਾਰ ਕਰੋਨਾ ਮਰੀਜ਼ ਨੂੰ ਐਨੀ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਜਾਂਦਾ ਹੈ ਕਿ ਉਸ ਨੂੰ ਲੈ ਕੇ ਆਉਣ ਵਾਲਿਆਂ ਨੂੰ ਵੀ ਕਰੋਨਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਲਈ ਇਹ ਮਸ਼ੀਨ ਬਹੁਤ ਸਹਾਈ ਹੋਵੇਗੀ। ਇਹ ਮਸ਼ੀਨ ਪੋਰਟੇਬਲ ਹੈ ਅਤੇ ਇਸ ਨੂੰ ਪਿੰਡਾਂ ਵਿੱਚ ਵੀ ਟੈਸਟਿੰਗ ਲਈ ਲੈ ਕੇ ਜਾਇਆ ਜਾ ਸਕਦਾ ਹੈ। ਮਾਈਕਰੋ ਕੰਨਟੇਨਮੈਂਟ ਜ਼ੋਨਾਂ ਵਿੱਚ ਵੀ ਟੈਸਟਿੰਗ ਸਬੰਧੀ ਇਹ ਮਸ਼ੀਨ ਇਸਤੇਮਾਲ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਮਰੀਜ਼ ਦੀ ਕਰੋਨਾ ਰਿਪੋਰਟ ਦੇਰ ਨਾਲ ਆਉਣ ਕਾਰਨ ਸਰਜਰੀ ਵਿੱਚ ਦੇਰੀ ਹੋ ਜਾਂਦੀ ਸੀ ਪਰ ਹੁਣ 5 ਮਿੰਟ ਵਿੱਚ ਰਿਪੋਰਟ ਮਿਲਣ ਕਾਰਨ ਇਲਾਜ ਤੁਰੰਤ ਸ਼ੁਰੂ ਹੋ ਸਕੇਗਾ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 48 ਲੱਖ ਲੋਕਾਂ ਨੂੰ ਕੋਵਿਡ ਵੈਕਸੀਨ ਲਾਈ ਜਾ ਚੁੱਕੀ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਕੋਟੇ ਦੇ ਆਧਾਰ ’ਤੇ ਵੈਕਸੀਨ ਮਿਲਦੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਉਣ ਲਈ ਸਰਕਾਰ ਵੱਲੋਂ ਆਪਣੇ ਕੋਟੇ ਤੋਂ ਵੱਖਰੀ ਵੈਕਸੀਨ ਖ਼ਰੀਦੀ ਜਾਂਦੀ ਹੈ। ਜਿਹੜੀ ਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ, ਉਹ ਤੈਅ ਮਾਪਦੰਡਾਂ ਮੁਤਾਬਕ ਬਾਕਾਇਦਾ ਅਪਰੂਡ ਵੈਕਸੀਨ ਹੀ ਲਾਈ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕਰੋਨਾ ਦੀ ਪਹਿਲੀ ਲਹਿਰ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹੁਣ ਵੀ ਕਰੋਨਾ ਵਿਰੁੱਧ ਜੰਗ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਇਲਾਜ ਲਈ ਵੱਧ ਪੈਸੇ ਵਸੂਲਣ ਵਾਲੇ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੀ ਲੁੱਟ ਕਰਨ ਵਾਲੇ ਕਿਸੇ ਵੀ ਹਸਪਤਾਲ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਬਿਹਤਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਗਏ ਹਨ। ਸ਼ੁਰੂਆਤ ਵਿੱਚ ਜਿੱਥੇ ਰੋਜ਼ਾਨਾ 300 ਟੈਸਟ ਕੀਤੇ ਜਾ ਰਹੇ ਸਨ, ਉੱਥੇ ਹੁਣ ਰੋਜ਼ਾਨਾ ਹਜ਼ਾਰਾ ਟੈਸਟ ਕੀਤੇ ਜਾ ਰਹੇ ਹਨ।
ਇਸ ਮੌਕੇ ਬੱਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਐਸਐਮਓ ਡਾ. ਐਚਐਸ ਚੀਮਾ, ਜ਼ਿਲ੍ਹਾ ਨੋਡਲ ਅਫ਼ਸਰ ਹਰਮਨਜੀਤ ਕੌਰ ਬਰਾੜ, ਸੰਸਥਾ ਪਾਥ ਦੇ ਸਟੇਟ ਨੋਡਲ ਅਫ਼ਸਰ ਰਾਜੇਸ਼ ਭਾਸਕਰ, ਖੇਤਰੀ ਪ੍ਰੋਗਰਾਮ ਅਫ਼ਸਰ ਡਾ. ਸੁਰਭੀ ਸੌਕੰਦ, ਡਾ. ਪ੍ਰੀਤੀ ਸਰੀਨ, ਵਾਲੰਟੀਅਰ ਗੁਰਪ੍ਰੀਤ ਸਿੰਘ, ਨੀਰਜ ਕੁਮਾਰੀ, ਅਮਨਜੋਤ ਅਤੇ ਪਰਵਿੰਦਰ ਵੀ ਹਾਜ਼ਰ ਸਨ।