ਬਲਬੀਰ ਸਿੱਧੂ ਨੇ ਵਿਕਾਸ ਕਾਰਜਾਂ ਲਈ ਪਿੰਡਾਂ ਨੂੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਵੰਡੀਆਂ

ਸ਼ਹਿਰਾਂ ਦਾ ਝਲਕਾਰਾ ਪਾਉਣਗੇ ਮੁਹਾਲੀ ਹਲਕੇ ਦੇ ਪਿੰਡ: ਬਲਬੀਰ ਸਿੱਧੂ

ਸਿਹਤ ਮੰਤਰੀ ਨੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜ ਸ਼ੁਰੂ ਕਰਵਾਏ, ਕਈ ਥਾਈਂ ਕੀਤੇ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ। ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਹਲਕੇ ਦੇ ਪਿੰਡਾਂ ਵਿੱਚ ਸ਼ਹਿਰਾਂ ਦਾ ਝਲਕਾਰਾ ਪਵੇਗਾ ਅਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡਾਂ ਵਿੱਚ ਵਿਕਾਸ ਕੰਮ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਬਾਕੀ ਰਹਿੰਦੇ ਕਾਰਜ ਵੀ ਅਗਲੇ ਕੁੱਝ ਦਿਨਾਂ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਵੀ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ੍ਰੀ ਸਿੱਧੂ ਨੇ ਪਿੰਡ ਜੁਝਾਰ ਨਗਰ ਵਿੱਚ ਗਲੀਆਂ-ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਅਤੇ ਕਈ ਪੂਰੇ ਹੋ ਚੁੱਕੇ ਵਿਕਾਸ ਕੰਮਾਂ ਦੇ ਉਦਘਾਟਨ ਵੀ ਕੀਤੇ। ਪਿੰਡ ਜੁਝਾਰ ਨਗਰ ਵਿੱਚ 50 ਲੱਖ ਰੁਪਏ ਕਮਿਊਨਿਟੀ ਸੈਂਟਰ ਲਈ, 32 ਲੱਖ ਰੁਪਏ ਸਕੂਲ ਲਈ, 30 ਲੱਖ ਰੁਪਏ ਆਂਗਨਵਾੜੀ ਸੈਂਟਰ ਲਈ ਅਤੇ 41 ਲੱਖ ਰੁਪਏ ਸੋਲਰ ਸਿਸਟਮ ਲਈ, 1 ਕਰੋੜ ਰੁਪਏ ਸੀਵਰੇਜ ਅਤੇ ਗਲੀਆਂ ਲਈ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਦੋ ਟਿਊਬਵੈੱਲਾਂ, 1 ਪਾਣੀ ਦੀ ਟੈਂਕੀ ਅਤੇ ਪਾਣੀ ਦੀ ਨਿਕਾਸੀ ਲਈ 22 ਹਜ਼ਾਰ ਫੁੱਟ ਪਾਈਪਾਂ ਪਾਣੀ ਦੇ ਕੰਮ ਦਾ ਉਦਘਾਟਨ ਕੀਤਾ।
ਸ੍ਰੀ ਸਿੱਧੂ ਨੇ ਪਿੰਡ ਬਹਿਲੋਲਪੁਰ ਵਿਖ ਕਮਿਊਨਿਟੀ ਸੈਂਟਰ ਲਈ 10 ਲੱਖ ਦੇਣ ਦਾ ਐਲਾਨ ਕੀਤਾ, ਜਦੋਂ ਕਿ ਪਿੰਡ ਤੜੌਲੀ ਵਿਖੇ ਗਲੀਆਂ-ਨਾਲੀਆਂ ਲਈ 2.50 ਲੱਖ ਰੁਪਏ ਸ਼ਮਸ਼ਾਨਘਾਟ ਦੀ ਉਸਾਰੀ ਲਈ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ ਸੀਮਿੰਟ ਦੀ ਪਾਈਪ ਲਾਈਨ ਪਾਉਣ ਲਈ 15 ਲੱਖ ਰੁਪਏ ਅਤੇ ਆਂਗਣਵਾੜੀ ਲਈ 4 ਲੱਖ ਦੇਣ ਦਾ ਐਲਾਨ ਕੀਤਾ। ਪਿੰਡ ਠਸਕਾ ਵਿਖੇ ਗਲੀਆਂ-ਨਾਲੀਆਂ ਲਈ 5 ਲੱਖ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਪਿੰਡ ਮਨਾਣਾ ਵਿਖੇ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ ਲਈ 10 ਲੱਖ ਰੁਪਏ ਅਤੇ ਐਸਸੀ ਧਰਮਸ਼ਾਲਾ ਲਈ 3 ਲੱਖ ਅਤੇ ਜਨਰਲ ਧਰਮਸ਼ਾਲਾ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਿਹਤ ਮੰਤਰੀ ਨੇ ਜੁਝਾਰ ਨਗਰ ਵਿੱਚ ਨਰਸਿੰਗ ਕਾਲਜ ਦੀ ਚਾਰਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ, ਜੋ ਮੁਕੰਮਲ ਹੋਣ ਤੋਂ ਬਾਅਦ ਲੜਕੀਆਂ ਨੂੰ ਪੜ੍ਹਨ ਵਿੱਚ ਵੱਡੀ ਸਹੂਲਤ ਹੋਵੇਗੀ। ਪਿੰਡ ਹੁਸੈਨਪੁਰ ਵਿੱਚ ਸ਼ਮਸ਼ਾਨਘਾਟ ਦੀ ਚਾਰਦੀਵਾਰੀ ਦੇ ਸ਼ੈੱਡ ਅਤੇ ਫਰਮ ਦੀ ਉਸਾਰੀ ਲਈ 10 ਲੱਖ ਰੁਪਏ, ਸਕੂਲ ਦੇ ਕਮਰੇ ਦੀ ਉਸਾਰੀ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਝਾਮਪੁਰ ਵਿਖੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ 15 ਲੱਖ ਰੁਪਏ ਦੀ ਰਾਸ਼ੀ ਨਾਲ ਕੰਮ ਸ਼ੁਰੂ ਕਰਵਾਏ ਗਏ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਤੜੋਲੀ ਦੇ ਵੱਖ-ਵੱਖ ਕਾਰਜਾਂ ਲਈ 22.50 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜੁਝਾਰ ਨਗਰ ਦੇ ਸਰਪੰਚ ਗੁਰਪ੍ਰੀਤ ਸਿੰਘ ਢੀਂਡਸਾ, ਵਿਮਲਾ ਦੇਵੀ, ਨਾਰੋ ਦੇਵੀ, ਮਨਜੀਤ ਸਿੰਘ ਸਰਪੰਚ ਬਹਿਲੋਲਪੁਰ, ਰਾਮ ਪਾਲ, ਪਿੰਡ ਝਾਮਪੁਰ, ਪਿੰਡ ਤੜੌਲੀ, ਪਿੰਡ ਠਸਕਾ, ਪਿੰਡ ਮਨਾਣਾ ਅਤੇ ਪਿੰਡ ਹੁਸੈਨਪੁਰ ਦੇ ਪੰਚ-ਸਰਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ ਮੁਹਾਲੀ ਸਰਕਲ ਦੇ ਦਫ਼ਤਰ ਬਾਹਰ ਰ…