ਪੰਜਾਬ ਵਜ਼ਾਰਤ ’ਚੋਂ ਆਊਟ ਹੋਏ ਬਲਬੀਰ ਸਿੱਧੂ ਨੇ ਕਿਹਾ ‘ਮੇਰਾ ਕਸੂਰ ਤਾਂ ਦੱਸੇ ਹਾਈ ਕਮਾਂਡ’

ਮੀਡੀਆ ਦੇ ਰੂਬਰੂ ਹੋਣ ਸਮੇਂ ਸਿੱਧੂ ਦੀਆਂ ਅੱਖਾਂ ਭਰ ਆਈਆਂ, ਪ੍ਰਾਪਤੀਆਂ ਗਿਣਵਾਈਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਪੰਜਾਬ ਦੀ ਨਵੀਂ ਕੈਬਨਿਟ ’ਚੋਂ ਆਊਟ ਹੋਏ ਮੁਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਨਾਲ ਸਖ਼ਤ ਗਿਲਾ ਕਰਦਿਆਂ ਕਿਹਾ ਕਿ ਹਾਈ ਕਮਾਂਡ ‘ਮੇਰਾ ਕਸੂਰ ਤਾਂ ਦੱਸੇ’ ਕਿ ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਨਹੀਂ ਲਿਆ ਜਾ ਰਿਹਾ ਹੈ। ਅੱਜ ਅਚਾਨਕ ਮੀਡੀਆ ਦੇ ਰੂਬਰੂ ਹੋਣ ਸਮੇਂ ਬਲਬੀਰ ਸਿੰਘ ਸਿੱਧੂ ਕਾਫ਼ੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸਨ। ਉਨ੍ਹਾਂ ਨੇ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਆਪਣੀ ਕਾਰਗੁਜ਼ਾਰੀ ਬਾਰੇ ਤੱਥਾਂ ਸਮੇਤ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਗਈ।
ਆਪਣ ਰਿਹਾਇਸ਼ ’ਤੇ ਸ੍ਰੀ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਨਹੀਂ ਲੈਣਾ ਸੀ ਤਾਂ ਹਾਈ ਕਮਾਂਡ ਜਾਂ ਨਵੇਂ ਮੁੱਖ ਮੰਤਰੀ ਘੱਟੋ-ਘੱਟ ਇਕ ਵਾਰ ਕਹਿ ਕੇ ਦੇਖਦੇ ਕਿ ਨਵੀਂ ਵਜ਼ਾਰਤ ਵਿੱਚ ਉਨ੍ਹਾਂ ਵਿਧਾਇਕਾਂ ਨੂੰ ਮੰਤਰੀ ਲੈਣਾ ਹੈ, ਜੋ ਪਹਿਲਾਂ ਮੰਤਰੀ ਬਣਨ ਤੋਂ ਵਾਂਝੇ ਰਹਿ ਗਏ ਸੀ, ਉਹ ਖ਼ੁਦ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੇ ਪ੍ਰੰਤੂ ਜਿਸ ਤਰੀਕੇ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਬਾਹਰ ਰੱਖ ਕੇ ਜ਼ਲੀਲ ਕੀਤਾ ਗਿਆ, ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ।
ਸ੍ਰੀ ਸਿੱਧੂ ਨੇ ਆਪਣੇ ਮਹਿਕਮੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੇ ਦਿਨ ਰਾਤ ਇਕ ਕਰਕੇ ਸੂਬੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਪੰਜਾਬ ਨੂੰ ਮਹਾਮਾਰੀ ਦੀ ਮਾਰ ਤੋਂ ਬਚਾਇਆ ਗਿਆ। ਕਰੋਨਾ ਮਾਮਲੇ ਵਿੱਚ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਪੰਜਾਬ ਵਿੱਚ ਸਥਿਤੀ ਲਗਪਗ ਕਫ਼ੀ ਬਿਹਤਰ ਸੀ ਅਤੇ ਹੁਣ ਤੀਜੀ ਲਹਿਰ ਨਾਲ ਨਜਿੱਠਣ ਲਈ ਸਾਰੇ ਅਗਾਊਂ ਅਤੇ ਪੁਖ਼ਤਾ ਪ੍ਰਬੰਧਾਂ ਕੀਤੇ ਗਏ ਹਨ। ਇਹੀ ਨਹੀਂ ਸਰਕਾਰੀ ਹਸਪਤਾਲਾਂ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਗਈਆਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਗਈ। ਹਰੇਕ ਨਾਗਰਿਕ ਦਾ ਕੋਵਿਡ ਟੈਸਟ ਅਤੇ ਵੈਕਸੀਨੇਸ਼ਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਪਸ਼ੂ ਪਾਲਣ ਵਿਭਾਗ ਸੀ। ਇਸ ਮਹਿਕਮੇ ਵਿੱਚ ਵੀ ਉਨ੍ਹਾਂ ਨੇ ਦਿਲ ਲਗਾ ਕੇ ਕੰਮ ਕੀਤਾ। ਮੁਹਾਲੀ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਬਿਨਾਂ ਭੇਦਭਾਵ ਤੋਂ ਗਰਾਂਟਾਂ ਦੇ ਕੇ ਲੋਕਾਂ ਦਾ ਦਿਲ ਜਿੱਤਿਆ।
ਇਸੇ ਤਰ੍ਹਾਂ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਆਪਣੇ ਵਿਭਾਗਾਂ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਹਾਈ ਕਮਾਂਡ ਨਾਲ ਗਿਲਾ ਕੀਤਾ। ਉਨ੍ਹਾਂ ਇਨ੍ਹਾਂ ਦੋਵੇਂ ਮੰਤਰੀਆਂ ਨੇ ਹਾਈ ਕਮਾਂਡ ਨੂੰ ਪੱਤਰ ਵੀ ਲਿਖਿਆ ਗਿਆ। ਜਿਸ ਵਿੱਚ ਕਿਹਾ ਕਿ ਹਾਈ ਕਮਾਂਡ ਉਨ੍ਹਾਂ ਦਾ ਕਸੂਰ ਤਾਂ ਦੱਸੇ। ਉਂਜ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਨਾਲ ਸੀ ਅਤੇ ਹੁਣ ਵੀ ਮੁੱਖ ਮੰਤਰੀ ਅਤੇ ਪਾਰਟੀ ਨਾਲ ਖੜੇ ਹਨ ਅਤੇ ਖੜੇ ਰਹਿਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਪਾਰਟੀ ਹਾਈ ਕਮਾਂਡ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦੇਵੇਗੀ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…