
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਪਿੰਡ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਇੱਥੋਂ ਦੇ ਫੇਜ਼-1 ਸਥਿਤ ਪੁਰਾਣੇ ਮੁਹਾਲੀ ਪਿੰਡ ਦਾ ਸੁੰਦਰੀਕਰਣ ਕਰਨ ਲਈ ਪਿੰਡ ਮੁਹਾਲੀ ਦੇ ਗੇਟ ਬਣਾਉਣ ਅਤੇ ਸੜਕ ਦੇ ਨਾਲ-ਨਾਲ ਪੇਵਰ ਬਲਾਕ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਬੋਲਦਿਆਂ ਸ੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦਾ ਨੀਂਹ ਪੱਥਰ ਪਿੰਡ ਮੁਹਾਲੀ ਦੇ ਨਜ਼ਦੀਕ ਹੀ ਰੱਖਿਆ ਗਿਆ ਸੀ।
ਸ੍ਰੀ ਸਿੱਧੂ ਨੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਆਪਣੇ-ਆਪ ਵਿੱਚ ਇਕ ਵੱਡਾ ਤੇ ਵਿਸ਼ਵ ਪ੍ਰਸਿੱਧ ਸ਼ਹਿਰ ਬਣ ਗਿਆ ਹੈ ਪ੍ਰੰਤੂ ਇਸ ਸ਼ਹਿਰ ਨੂੰ ਛੋਟੇ ਨਾਮ ਮੁਹਾਲੀ ਜੋ ਕਿ ਇਸ ਪਿੰਡ ਦਾ ਪੁਰਾਣਾ ਨਾਮ ਹੈ ਤੋਂ ਵੀ ਜਾਣਿਆ ਜਾਂਦਾ ਹੈ। ਮੁਹਾਲੀ ਨਾਮ ਦੀ ਪ੍ਰਸਿੱਧੀ ਦੇ ਮੱਦੇਨਜ਼ਰ ਸਾਡਾ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਮੁਹਾਲੀ ਪਿੰਡ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਇਸ ਦੀ ਦਿੱਖ ਸ਼ਹਿਰ ਦੀ ਸੁੰਦਰਤਾ ਵਾਂਗ ਆਧੁਨਿਕ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਪਿੰਡ ਸਮੇਤ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਮਾਜ ਸੇਵੀ ਰਵਿੰਦਰ ਸਿੰਘ (ਪੰਜਾਬ ਮੋਟਰਜ਼), ਸਾਬਕਾ ਕੌਂਸਲਰ ਐਨਐਸ ਸਿੱਧੂ, ਨੰਬਰਦਾਰ ਨੱਛਤਰ ਸਿੰਘ, ਲਖਵੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।
ਸਬੰਧਤ ਫੋਟੋ-5, ਸਿਹਤ ਮੰਤਰੀ ਬਲਬੀਰ ਸਿੱਧੂ ਮੁਹਾਲੀ ਪਿੰਡ ਵਿੱਚ ਵਿਕਾਸ ਕੰਮਾਂ ਦਾ ਨੀਂਹ ਪੱਥਰ ਰੱਖਦੇ ਹੋਏ।