ਬਲਬੀਰ ਸਿੱਧੂ ਨੇ ਪਿੰਡ ਕੰਡਾਲਾ ਵਿੱਚ ਸੀਵਰੇਜ ਵਿਵਸਥਾ ਲਈ 24 ਲੱਖ ਰੁਪਏ ਹੋਰ ਗਰਾਂਟ ਦਿੱਤੀ

ਸ਼ਹੀਦ ਨਾਇਕ ਗੱਜਣ ਸਿੰਘ ਕੰਡਾਲਾ ਦੀ ਯਾਦ ਵਿੱਚ ਐਸਸੀ ਸ਼ਮਸ਼ਾਨਘਾਟ ਮਾਰਗ ਦਾ ਕੀਤਾ ਉਦਘਾਟਨ

ਸਰਕਾਰੀ ਸਕੂਲ ਕੰਡਾਲਾ ਦਾ ਦਰਜਾ ਵਧਾਉਣ ਤੇ ਸਕੂਲ ਦਾ ਨਾਮ ਸ਼ਹੀਦ ਗੱਜਣ ਸਿੰਘ ਦੇ ਨਾਮ ’ਤੇ ਰੱਖਣ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਕੰਡਾਲਾ ਵਿੱਚ ਸੀਵਰੇਜ ਲਾਈਨ ਵਿਛਾਉਣ ਲਈ 24 ਲੱਖ ਰੁਪਏ ਦੀ ਦੂਜੀ ਗਰਾਂਟ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੀਵਰੇਜ ਪ੍ਰਾਜੈਕਟ ਲਈ 43 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਪਿੰਡ ਵਾਸੀਆਂ ਦੀ ਇਹ ਚਿਰਕੋਨੀ ਮੰਗ ਪੂਰੀ ਹੋ ਜਾਵੇਗੀ ਅਤੇ ਲੋਕਾਂ ਨੂੰ ਗੰਦਗੀ ਤੋਂ ਜਲਦੀ ਛੁਟਕਾਰਾ ਮਿਲੇਗਾ।
ਇਸ ਮੌਕੇ ਸਿਹਤ ਮੰਤਰੀ ਨੇ ਸ਼ਹੀਦ ਨਾਇਕ ਗੱਜਣ ਸਿੰਘ ਕੰਡਾਲਾ ਦੀ ਯਾਦ ਵਿੱਚ ਐਸਸੀ ਸ਼ਮਸ਼ਾਨਘਾਟ ਮਾਰਗ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਰਗ ਦੇ ਬਣਨ ਨਾਲ ਪਿੰਡ ਵਾਸੀਆਂ ਦੀ ਲਾਂਘੇ ਦੀ ਸਮੱਸਿਆ ਦੂਰ ਹੋ ਗਈ ਹੈ ਅਤੇ ਪਿੰਡ ਵਾਸੀ ਪਿਛਲੇ ਕਾਫ਼ੀ ਸਮੇਂ ਤੋਂ ਇਹ ਲਾਂਘਾ ਬਣਾਉਣ ਦੀ ਮੰਗ ਕਰ ਰਹੇ ਸਨ। ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰੀ ਹਾਈ ਸਕੂਲ ਦਾ ਦਰਜਾ ਵਧਾ ਕੇ ਸੀਨੀਅਰ ਸੈਕੰਡਰੀ ਕਰਨ, ਸਕੂਲ ਦਾ ਨਾਮ ਸ਼ਹੀਦ ਗੱਜਣ ਸਿੰਘ ਕੰਡਾਲਾ ਦੇ ਨਾਮ ’ਤੇ ਰੱਖਣ ਅਤੇ ਮਸਜਿਦ ਨੂੰ ਜੋੜਦਾ ਰਾਹ ਪੱਕਾ ਕਰਨ ਦੀਆਂ ਮੰਗ ਕੀਤੀ ਗਈ।
ਸ੍ਰੀ ਸਿੱਧੂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਕਤ ਤਿੰਨੇ ਮੰਗਾਂ ਨੂੰ ਛੇਤੀ ਪੂਰਾ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਬੀਡੀਪੀਓ ਹਿਤੇਨ ਕਪਿਲਾ, ਬਿਮਲਾ ਦੇਵੀ ਸਰਪੰਚ ਕੰਡਾਲਾ, ਰਣਜੀਤ ਸਿੰਘ ਗਿੱਲ ਸਰਪੰਚ ਜਗਤਪੁਰਾ, ਮਲਕੀਤ ਸਿੰਘ ਸਾਬਕਾ ਸਰਪੰਚ ਕੰਡਾਲਾ, ਦਲੀਪ ਚੰਦ ਵਰਮਾ, ਰਮਨਦੀਪ ਸਿੰਘ ਸਰਪੰਚ, ਹਰਜੀਤ ਸਿੰਘ ਢਿੱਲੋਂ ਸਰਪੰਚ ਰੁੜਕਾ, ਪਰਮਜੀਤ ਸਿੰਘ ਬਰਾੜ ਸਰਪੰਚ ਧਰਮਗੜ੍ਹ, ਜਗਦੀਪ ਸਿੰਘ ਜੱਗੀ, ਮਹੇਸ਼ਵਰ ਚੰਦਰ ਐਕਸੀਅਨ ਪੰਚਾਇਤੀ ਰਾਜ, ਜਸਪਾਲ ਮਸੀਹ ਜੇਈ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…