
ਬਲਬੀਰ ਸਿੱਧੂ ਨੇ ਪਿੰਡ ਝਾਮਪੁਰ ਦੇ ਵਿਕਾਸ ਲਈ 10 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ
ਮੁਹਾਲੀ ਹਲਕੇ ਦੇ ਪਿੰਡਾਂ ਦੀ ਤਰੱਕੀ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਨਜ਼ਦੀਕੀ ਪਿੰਡ ਝਾਮਪੁਰ ਦੇ ਵਿਕਾਸ ਲਈ ਗਰਾਮ ਪੰਚਾਇਤ ਨੂੰ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿਧਾਨ ਸਭਾ ਹਲਕੇ ਦੇ ਪੇਂਡੂ ਖੇਤਰ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ। ਵਿਕਾਸ ਕਾਰਜਾਂ ਵਿੱਚ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਸ੍ਰੀ ਸਿੱਧੂ ਨੇ ਮੌਕੇ ’ਤੇ ਮੌਜੂਦ ਵੱਖ-ਵੱਖ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਲਈ ਉਹ ਖ਼ੁਦ ਨਜ਼ਰਸਾਨੀ ਕਰਨ ਅਤੇ ਹਫ਼ਤਾਵਾਰੀ ਪ੍ਰਗਤੀ ਰਿਪੋਰਟ ਉਨ੍ਹਾਂ ਤੱਕ ਪਹੁੰਚਦੀ ਕੀਤੀ ਜਾਵੇ। ਉਨ੍ਹਾਂ ਗਰਾਮ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਪਿੰਡਾਂ ਵਿੱਚ ਹੋਣ ਵਾਲੇ ਬਾਕੀ ਰਹਿੰਦੇ ਕੰਮਾਂ ਬਾਰੇ ਦਾ ਬਿਉਰਾ ਉਨ੍ਹਾਂ ਨੂੰ ਦਿੱਤਾ ਜਾਵੇ ਤਾਂ ਜੋ ਸਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾਇਆ ਜਾ ਸਕੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਰਪੰਚ ਸੁਖਦੀਪ ਸਿੰਘ, ਜੱਸੀ ਨੰਬਰਦਾਰ, ਪ੍ਰਭਜੋਤ ਸਿੰਘ ਜੋਤੀ, ਜਗਦੀਸ਼ ਸਿੰਘ, ਤਾਰਾ ਸਿੰਘ, ਕਿਰਪਾਲ ਸਿੰਘ, ਕਰਨੈਲ ਸਿੰਘ, ਢੇਰਾ ਸਿੰਘ, ਅਮਰਜੀਤ ਸਿੰਘ ਮੋਨੀ, ਰਾਜਬੀਰ ਲਾਡੀ ਅਤੇ ਬੀਡੀਪੀਓ ਹਿਤੇਨ ਕਪਿਲਾ ਵੀ ਹਾਜ਼ਰ ਸਨ।