
ਬਲਬੀਰ ਸਿੱਧੂ ਨੇ ਪਿੰਡ ਮੌਜਪੁਰ ਦੇ ਸਰਬਪੱਖੀ ਵਿਕਾਸ ਲਈ ਗਰਾਂਟ ਦਾ ਚੈੱਕ ਦਿੱਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਨਜ਼ਦੀਕੀ ਪਿੰਡ ਮੌਜਪੁਰ ਦੇ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿਕਾਸ ਲਈ 47 ਲੱਖ ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ ਅਤੇ ਲਿੰਕ ਸੜਕ 18 ਫੁੱਟ ਤੱਕ ਚੌੜੀ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁਹਾਲੀ ਹਲਕੇ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਗਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਪੂਰਾ ਕਰਕੇ ਸਮੁੱਚੇ ਹਲਕੇ ਦੀ ਕਾਇਆ ਕਲਪ ਕੀਤੀ ਜਾਵੇਗੀ। ਇਸ ਮੌਕੇ ਪਿੰਡ ਵਾਸੀਆ ਨੇ ਵਿਧਾਇਕ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਪਿੰਡ ਨੂੰ ਕਦੇ ਏਨੀ ਗਰਾਂਟ ਨਹੀਂ ਦਿੱਤੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਮੰਗਾ ਸਿੰਘ ਸਰਪੰਚ, ਬਲਬੀਰ ਸਿੰਘ ਸਾਬਕਾ ਸਰਪੰਚ, ਦੀਦਾਰ ਸਿੰਘ, ਮਹਿੰਦਰ ਸਿੰਘ, ਕੁਲਬੀਰ ਸਿੰਘ, ਪੂਜਾ ਕੌਸ਼ਿਕ, ਦਵਿੰਦਰ ਸਿੰਘ (ਸਾਰੇ ਪੰਚ), ਬਾਬਾ ਰਤਨ ਸਿੰਘ, ਸ਼ੇਰ ਸਿੰਘ, ਗੁਰਨਾਮ ਸਿੰਘ ਚੌਕੀਦਾਰ, ਬਹਾਦਰ ਸਿੰਘ ਫੌਜੀ, ਹਰਨੇਕ ਸਿੰਘ ਫੌਜੀ ਅਤੇ ਬੀਡੀਪੀਓ ਹਿਤੇਨ ਕਪਿਲਾ ਵੀ ਮੌਜੂਦ ਸਨ।