
ਬਲਬੀਰ ਸਿੱਧੂ ਨੇ ਸੈਕਟਰ-70 ਵਿੱਚ ਵਾਟਰ ਬੂਸਟਰ ਪਲਾਂਟ ਲਗਾਉਣ ਦਾ ਨੀਂਹ ਪੱਥਰ ਰੱਖਿਆ
ਸੈਕਟਰ-70 ਤੇ ਮਟੌਰ ਵਿੱਚ ਨਿਰਵਿਘਨ ਤੇ ਸਾਫ਼ ਪਾਣੀ ਦੀ ਸਪਲਾਈ ਦੀ ਸਮੱਸਿਆ ਹੋਵੇਗੀ ਦੂਰ: ਸਿੱਧੂ
ਮੁਹਾਲੀ ਵਿੱਚ ਪੰਜਵਾਂ ਨਵਾਂ ਵਾਟਰ ਬੂਸਟਰ ਪਲਾਂਟ ਇਲਾਕਾ ਵਾਸੀਆਂ ਲਈ ਦੀਵਾਲੀ ਦਾ ਤੋਹਫ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸੈਕਟਰ-70 ਦੇ ਬਾਸ਼ਿੰਦਿਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦੇ ਹੋਏ ਵਾਟਰ ਬੂਸਟਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਅਤੇ ਨਾਲ ਹੀ ਉਸਾਰੀ ਦਾ ਕੰਮ ਵੀ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ 91 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਮ ਮੁਕੰਮਲ ਹੋਣ ਉਪਰੰਤ ਸੈਕਟਰ-70 ਅਤੇ ਮਟੌਰ ਵਾਸੀਆਂ ਨੂੰ ਨਿਰਵਿਘਨ ਅਤੇ ਸਾਫ਼ ਪਾਣੀ ਦੀ ਸਪਲਾਈ ਸਬੰਧੀ ਸਮੱਸਿਆ ਦੂਰ ਹੋਵੇਗੀ। ਇੱਥੇ ਪਾਣੀ ਦੇ ਟੈਂਕ ਦੀ 5 ਲੱਖ ਲੀਟਰ ਦੀ ਸਮਰੱਥਾ ਹੋਵੇਗੀ ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਪਹਿਲਾਂ ਵੀ ਚਾਰ ਥਾਵਾਂ ’ਤੇ ਵਾਟਰ ਬੂਸਟਰ ਪਲਾਂਟ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸੈਕਟਰ-57 ਅਤੇ ਫੇਜ਼-6 ਵਿੱਚ ਵਾਟਰ ਟਰੀਟਮੈਂਟ ਪਲਾਂਟਾਂ ਦੀ ਸਾਰੀ ਮਸ਼ੀਨਰੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਾਣੀ ਵਿੱਚ ਕਲੋਰੀਨ ਮਿਲਾਉਣ ਲਈ ਆਟੋਮੈਟਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ 16 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇੱਥੋਂ ਦੇ ਫੇਜ਼-1, ਫੇਜ਼-2 ਫੇਜ਼-5 ਵਿੱਚ ਵਾਟਰ ਬੂਸਟਰ ਪਲਾਂਟਾਂ ਦੇ ਕੰਮ ਛੇਤੀ ਮੁਕੰਮਲ ਕੀਤੇ ਜਾਣਗੇ।
ਇਸ ਤੋਂ ਪਹਿਲਾਂ ਮੇਅਰ ਜੀਤੀ ਸਿੱਧੂ ਨੇ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਦੇਣ ਲਈ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਧੰਨਵਾਦ ਕਰਦਿਆਂ ਮੁਹਾਲੀ ਵਿੱਚ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੌਂਸਲਰ ਬਲਰਾਜ ਧਾਲੀਵਾਲ, ਪ੍ਰਮੋਦ ਮਿੱਤਰਾ, ਗਗਨ ਧਾਲੀਵਾਲ, ਜਵਾਲਾ ਸਿੰਘ, ਵਿਨੋਦ ਕਪਾਹੀ, ਰਾਕੇਸ਼ ਮਹਾਜਨ, ਸੀਮਾ ਸ਼ਰਮਾ, ਏਕਤਾ ਗਰਗ, ਜਸਮੇਰ ਕੌਰ ਬੈਦਵਾਨ, ਜਤਿੰਦਰ ਚੀਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।