
ਬਲਬੀਰ ਸਿੱਧੂ ਨੇ ਸਨਅਤੀ ਪਾਰਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ
ਮੁਹਾਲੀ ਦੇ ਹਰ ਕੋਨੇ ਵਿੱਚ ਚੱਲ ਰਹੇ ਨੇ ਵਿਕਾਸ ਕੰਮ, ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਨਵੰਬਰ:
ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਸਨਅਤੀ ਖੇਤਰ ਫੇਜ਼-5 ਵਿੱਚ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 40 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਸਨਅਤੀ ਪਾਰਕ ਵਿੱਚ ਨਵੇਂ ਸਿਰਿਓਂ ਫੁੱਟਪਾਥ ਬਣਾਏ ਜਾਣਗੇ ਅਤੇ ਇੱਥੇ ਤਿੰਨ ਵੈਦਰ ਸ਼ੈਲਟਰ ਬਣਾਉਣ ਸਮੇਤ ਨਵੀਆਂ ਸਟਰੀਟ ਤੇ ਫੁੱਟ ਲਾਈਟਾਂ ਲਗਾਈਆਂ ਜਾਣੀਆਂ ਹਨ। ਬੱਚਿਆ ਦੇ ਖੇਡਣ ਲਈ ਵਧੀਆ ਝੁੱਲੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਲਗਾਏ ਜਾਣਗੇ। ਮੁੱਖ ਸੜਕ ’ਤੇ ਸਥਿਤ ਇਸ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਲਈ ਆਉਂਦੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹਿਰ ਦੇ ਹਰੇਕ ਕੋਨੇ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਕੰਮਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀਂ ਐਲਾਨ ਕਰਕੇ ਗਏ ਹਨ ਕਿ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਤੋਂ ਪਹਿਲਾਂ ਮੇਅਰ ਜੀਤੀ ਸਿੱਧੂ ਨੇ ਵਿਧਾਇਕ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਮੁਹਾਲੀ ਵਿੱਚ ਜੰਗੀ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਕੁਆਲਿਟੀ ’ਤੇ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਮੇਅਰ ਨੇ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਉਪਰ ਪੂਰਾ ਵਿਸ਼ਵਾਸ ਪ੍ਰਗਟ ਕਰਕੇ ਉਨ੍ਹਾਂ ਨੂੰ ਮੇਅਰ ਬਣਾਇਆ ਹੈ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਨਿਗਮ ਵਿਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਮੁਹਾਲੀ ਦੇ ਲੋਕਾਂ ਦੇ ਵਿਸ਼ਵਾਸ ਉੱਤੇ ਖ਼ਰਾ ਉਤਰਨ ਲਈ ਲਗਾਤਾਰ ਵਿਕਾਸ ਕਾਰਜ ਵੀ ਕਰਵਾ ਰਹੀ ਹੈ ਅਤੇ ਕੀਤੇ ਜਾ ਰਹੇ ਕੰਮਾਂ ਦੀ ਨਜ਼ਰਸਾਨੀ ਖ਼ੁਦ ਵੀ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਇੱਕ ਵਾਰ ਫੇਰ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਕਿਹਾ ਕਿ ਕੀਤੇ ਜਾ ਰਹੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਜਗਦੀਸ਼ ਸਿੰਘ ਜੱਗਾ ਨੇ ਸਾਬਕਾ ਸਿੱਧੂ ਦਾ ਸਵਾਗਤ ਕਰਦਿਆਂ ਆਪਣੇ ਵਾਰਡ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਉਣ ਲਈ ਵਿਧਾਇਕ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕੌਂਸਲਰ ਨਰਿੰਦਰ ਸਿੰਘ, ਪ੍ਰਧਾਨ ਜਸਵੰਤ ਸਿੰਘ, ਰਾਮ ਕੁਮਾਰ, ਗੁਲਫਾਮ ਅਲੀ, ਸਿਮਰਤ ਸਿੰਘ ਫੌਜੀ, ਜਗਤਾਰ ਸਿੰਘ, ਪਾਲ ਸਿੰਘ, ਇਕਬਾਲ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਰੁਪਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।