
ਬਲਬੀਰ ਸਿੱਧੂ ਨੇ ਸੈਕਟਰ-78 ਵਿੱਚ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ
ਸ਼ਹਿਰ ਦੇ ਵਿਸਤਾਰ ਦੇ ਨਾਲ ਸਮੇਂ ਦੀ ਲੋੜ ਸੀ ਨਵਾਂ ਫਾਇਰ ਬ੍ਰਿਗੇਡ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਵੀਆਈਪੀ ਸ਼ਹਿਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸੁਰੱਖਿਅਤ ਰੱਖਣ ਲਈ ਲੰਮੇ ਇੰਤਜ਼ਾਰ ਤੋਂ ਬਾਅਦ ਨਵਾਂ ਫਾਇਰ ਸਟੇਸ਼ਨ ਮਿਲਣ ਜਾ ਰਿਹਾ ਹੈ। ਮੁਹਾਲੀ ਨਗਰ ਨਿਗਮ ਵੱਲੋਂ ਇੱਥੋਂ ਦੇ ਸੈਕਟਰ-78 ਵਿਖੇ (ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਪਿੱਛੇ) ਬਣਾਏ ਜਾਣ ਵਾਲੇ ਇਸ ਨਵੇਂ ਫਾਇਰ ਸਟੇਸ਼ਨ ਦਾ ਨੀਂਹ ਪੱਥਰ ਅੱਜ ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਰੱਖਿਆ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਕਮਲ ਗਰਗ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰੀ ਖੇਤਰ ਅਤੇ ਵਸੋਂ ਜ਼ਿਆਦਾ ਵਧਣ ਕਾਰਨ ਮੁਹਾਲੀ ਵਿੱਚ ਦੋ ਹੋਰ ਨਵੇਂ ਫਾਇਰ ਸਟੇਸ਼ਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਢਾਈ ਏਕੜ ਵਿੱਚ ਬਣਨ ਵਾਲੇ ਨਵੇਂ ਫਾਇਰ ਬ੍ਰਿਗੇਡ ਭਵਨ ’ਤੇ 3 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇੱਥੇ ਫਾਇਰਮੈਨਾਂ ਤੇ ਹੋਰ ਸਟਾਫ਼ ਦੇ ਰਹਿਣ ਲਈ ਰਿਹਾਇਸ਼ੀ ਕੰਪਲੈਕਸ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸ਼ਹਿਰ ਦਾ ਵੱਡਾ ਖੇਤਰ ਗਮਾਡਾ ਅਧੀਨ ਹੈ ਪ੍ਰੰਤੂ ਫਾਇਰ ਬ੍ਰਿਗੇਡ ਸਮੇਤ ਹੋਰ ਮੁੱਢਲੀਆਂ ਸੇਵਾਵਾਂ ਨਗਰ ਨਿਗਮ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਨਅਤੀ ਏਰੀਆ ਫੇਜ਼-1 ਵਿੱਚ ਸਥਿਤ ਫਾਇਰ ਬ੍ਰਿਗੇਡ ਤੋਂ ਵਾਧੂ ਗੱਡੀਆਂ ਅਤੇ ਹੋਰ ਸਾਜੋ ਸਾਮਾਨ ਇੱਥੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਲੋੜ ਅਨੁਸਾਰ ਹੋਰ ਸਾਮਾਨ ਖ਼ਰੀਦਿਆ ਜਾਵੇਗਾ।
ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਵਿਸਤਾਰ ਦੇ ਨਾਲ-ਨਾਲ ਇੱਥੇ ਟਰੈਫ਼ਿਕ ਦੀ ਸਮੱਸਿਆ ਵੀ ਵਧ ਗਈ ਹੈ ਅਤੇ ਸਨਅਤੀ ਖੇਤਰ ਵਿੱਚ ਵੀ ਇਜ਼ਾਫਾ ਹੋਇਆ ਹੈ। ਇਸ ਲਈ ਐਮਰਜੈਂਸੀ ਸੇਵਾਵਾਂ ਦੇ ਮੱਦੇਨਜ਼ਰ ਮਜ਼ਬੂਤ ਬੁਨਿਆਦੀ ਢਾਂਚੇ ਦੀ ਲੋੜ ਸੀ ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਦਾ ਵਿਕਾਸ ਕੰਮਾਂ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਲਬੀਰ ਸਿੱਧੂ ਦੀ ਅਗਵਾਈ ਹੇਠ ਮੁਹਾਲੀ ਵਾਸੀਆਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਭਾਵੇਂ ਉਹ ਖੇਡਾਂ ਦਾ ਖੇਤਰ ਹੋਵੇ, ਸਿਹਤ ਦਾ ਖੇਤਰ ਹੋਵੇ, ਸ਼ਹਿਰ ਦੇ ਬੁਨਿਆਦੀ ਢਾਂਚੇ ਦੀ ਗੱਲ ਹੋਵੇ ਜਾਂ ਹੁਣ ਐਮਰਜੈਸੀ ਸੇਵਾਵਾਂ ਸਬੰਧੀ ਬੁਨਿਆਦੀ ਢਾਂਚੇ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੱਧੂ ਨੇ ਕਦੇ ਵੀ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਸਗੋਂ ਹੋਰਨਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਨਗਰ ਨਿਗਮ ਦੀ ਬਕਾਇਆ ਰਾਸ਼ੀ ਵਾਪਸ ਦਿਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਸ ਮੌਕੇ ਨਗਰ ਨਿਗਮ ਦੇ ਐਸਈ ਸੰਜੇ ਕੰਵਰ, ਕੌਂਸਲਰ ਸੁੱਚਾ ਸਿੰਘ ਕਲੌੜ, ਹਰਜੀਤ ਸਿੰਘ ਭੋਲੂ ਬੈਦਵਾਨ, ਪ੍ਰਮੋਦ ਮਿੱਤਰਾ, ਕਮਲਪ੍ਰੀਤ ਸਿੰਘ ਬਨੀ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ (ਸਾਰੇ ਕੌਂਸਲਰ), ਕਾਂਗਰਸ ਆਗੂ ਬੂਟਾ ਸਿੰਘ ਸੋਹਾਣਾ, ਚੈਰੀ ਸਿੱਧੂ, ਨਵਜੋਤ ਸਿੰਘ ਬਾਛਲ ਸਮੇਤ ਸੈਕਟਰ-78 ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।