ਗਰਾਮ ਪੰਚਾਇਤਾਂ ਤੋਂ ਗਰਾਂਟਾਂ ਵਾਪਸ ਮੰਗਵਾਉਣ ਦਾ ਬਲਬੀਰ ਸਿੱਧੂ ਨੇ ਕੀਤਾ ਵਿਰੋਧ

ਪੈਸੇ ਵਾਪਸ ਆਉਣ ਨਾਲ ਅੱਧਵਾਟੇ ਰੁਕ ਜਾਣਗੇ ਵਿਕਾਸ ਕੰਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਰਾਮ ਪੰਚਾਇਤਾਂ ਕੋਲੋਂ ਗਰਾਂਟਾਂ ਦੀ ਰਾਸ਼ੀ ਵਾਪਸ ਮੰਗਾਏ ਜਾਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਵਿਕਾਸ ਕੰਮ ਅੱਧਵਾਟੇ ਰੁਕ ਜਾਣਗੇ ਅਤੇ ਨਿੱਤ ਦਿਨ ਮਹਿੰਗੀਆਂ ਹੋ ਰਹੀਆਂ ਵਸਤਾਂ ਕਾਰਨ ਸਬੰਧਤ ਕਾਰਜ ਮੁਕੰਮਲ ਕਰਨ ਸਮੇਂ ਦੁੱਗਣਾ ਖਰਚਾ ਆਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੂੰ ਉਨ੍ਹਾਂ ਪੰਚਾਇਤਾਂ ਕੋਲੋਂ ਪੈਸੇ ਵਾਪਸ ਮੰਗਾਉਣੇ ਚਾਹੀਦੇ ਹਨ, ਜਿਨ੍ਹਾਂ ਵੱਲੋਂ ਗਰਾਂਟਾਂ ਦੀ ਕੋਈ ਰਾਸ਼ੀ ਖਰਚੀ ਨਹੀਂ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਵਿਕਾਸ ਦੇ ਕੰਮ ਆਰੰਭੇ ਹੋਏ ਹਨ, ਉਨ੍ਹਾਂ ਕੋਲੋਂ ਪੈਸੇ ਵਾਪਿਸ ਮੰਗਾਉਣੇ ਕਿਸੇ ਵੀ ਤਰਾਂ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਗਲੀਆਂ, ਟੋਭਿਆਂ ਦੇ ਕੰਮ ਅੱਧ ਵਿਚਾਲੇ ਰੁਕਣ ਨਾਲ ਲੋੋਕਾਂ ਨੂੰ ਬਰਸਾਤਾਂ ਵਿੱਚ ਪਿੰਡਾਂ ਵਿੱਚ ਵੜ੍ਹਨਾ ਵੀ ਮੁਹਾਲ ਹੋ ਜਾਵੇਗਾ। ਕਾਂਗਰਸੀ ਆਗੂ ਨੇ ਆਖਿਆ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਹੀ ਲੋਹੇ, ਸੀਮਿੰਟ, ਰੇਤਾ, ਬਜਰੀ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਸਤਾਂ ਦੀਆਂ ਕੀਮਤਾਂ ਆਏ ਦਿਨ ਵੱਧ ਰਹੀਆਂ ਹਨ, ਜਿਸ ਕਾਰਨ ਪੰਚਾਇਤਾਂ ਨੂੰ ਕੰਮ ਬੰਦ ਕਰਨ ਤੋਂ ਬਾਦ ਦੁਬਾਰਾ ਕੰਮ ਲਾਉਣ ਸਮੇਂ ਦੁੱਗਣਾ ਖਰਚਾ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ, ਜੇਕਰ ਕਿੱਧਰੇ ਕੋਈ ਬੇਨਿਯਮੀ ਪਾਈ ਜਾ ਰਹੀ ਹੈ ਤਾਂ ਉਸ ਦੀ ਜਾਂਚ ਕਰਕੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਵਿਕਾਸ ਕੰਮਾਂ ਲਈ ਦਿੱਤੀਆਂ ਗਰਾਂਟਾਂ ਵਿਆਜ਼ ਸਮੇਤ ਵਾਪਸ ਮੰਗਣੀਆਂ ਬਿਲਕੁੱਲ ਵੀ ਦਰੁਸਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਗਰਾਂਟਾਂ ਵਾਪਸ ਮੰਗਣ ਦੇ ਫੈਸਲੇ ਨੂੰ ਤੁਰੰਤ ਵਾਪਿਸ ਲਵੇ ਅਤੇ ਪਿੰਡਾਂ ਦੇ ਚੱਲ ਰਹੇ ਵਿਕਾਸ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਾਇਆ ਜਾਵੇ।

Load More Related Articles

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …