
ਪੰਜਾਬ ਕੈਬਨਿਟ ’ਚੋਂ ਫਾਰਗ ਹੋਣ ਦੇ ਬਾਵਜੂਦ ਸਾਰਾ ਦਿਨ ਲੋਕਾਂ ਵਿੱਚ ਵਿਚਰੇ ਬਲਬੀਰ ਸਿੱਧੂ
ਮੁਹਾਲੀ ਵਿੱਚ ਕਈ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ, 18 ਲੱਖ ਦੀ ਦਿੱਤੀ ਗਰਾਂਟ
ਤਿੰਨ ਰਿਹਾਇਸ਼ੀ ਸੁਸਾਇਟੀਆਂ ਵਿੱਚ ਓਪਨ ਏਅਰ ਜਿਮਾਂ ਦਾ ਕੀਤਾ ਉਦਘਾਟਨ
ਲੋਕਾਂ ਦਾ ਪਿਆਰ ਤੇ ਵਿਸ਼ਵਾਸ ਹੀ ਮੇਰੀ ਅਸਲੀ ਤਾਕਤ ਅਤੇ ਸ਼ਕਤੀ: ਬਲਬੀਰ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪੰਜਾਬ ਕੈਬਨਿਟ ’ਚੋਂ ਛਾਂਟੀ ਹੋਣ ਦੇ ਬਾਵਜੂਦ ਉਹ ਨਿਰਾਸ ਹੋ ਕੇ ਘਰ ਨਹੀਂ ਬੈਠੇ ਹਨ, ਸਗੋਂ ਪਹਿਲਾਂ ਨਾਲੋਂ ਜ਼ਿਆਦਾ ਫੁਰਤੀ ਨਾਲ ਇਲਾਕੇ ਵਿੱਚ ਕੰਮ ਕਰਦੇ ਨਜ਼ਰ ਆਏ। ਉਹ ਸਾਰਾ ਦਿਨ ਲੋਕਾਂ ਵਿੱਚ ਵਿਚਰੇ ਅਤੇ ਕਈ ਥਾਵਾਂ ’ਤੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਅਤੇ ਲਗਪਗ 18 ਲੱਖ ਦੀ ਗਰਾਂਟਾਂ ਦੇ ਚੈੱਕ ਵੀ ਵੰਡੇ। ਇਸ ਮੌਕੇ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲੀ ਤਾਕਤ ਅਤੇ ਸ਼ਕਤੀ ਹੈ ਅਤੇ ਉਹ ਵਿਧਾਇਕ ਵਜੋਂ ਸਰਕਾਰ ਨਾਲ ਤਾਲਮੇਲ ਕਰਕੇ ਲਗਾਤਾਰ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹਿਣਗੇ।
ਮੁਹਾਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕ ਸਿੱਧੂ ਦੀ ਰਹਿਨੁਮਾਈ ਹੇਠ ਨਗਰ ਨਿਗਮ ਵਲੋਂ ਮੋਹਾਲੀ ਦੀਆਂ ਸੁਸਾਇਟੀਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਤਿੰਨ ਸੁਸਾਇਟੀਆਂ ਵਿੱਚ ਓਪਨ ਏਅਰ ਜਿਮ ਵੀ ਲਗਾਏ ਗਏ ਹਨ ਜਿਨ੍ਹਾਂ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਤਿੰਨ ਓਪਨ ਏਅਰ ਜਿਮ ਫੇਜ਼-2 ਦੀ ਜੋਗਿੰਦਰ ਵਿਹਾਰ ਸੁਸਾਇਟੀ, ਫੇਜ਼-10 ਦੀ ਹਾਊਸਫੈੱਡ ਸੁਸਾਇਟੀ ਅਤੇ ਸੈਕਟਰ-67 ਦੀ ਸੁਸਾਇਟੀ ਵਿੱਚ ਲਗਾਏ ਗਏ ਹਨ। ਇਸ ਤੋਂ ਇਲਾਵਾ ਸੜਕਾਂ ਤੇ ਪ੍ਰੀਮਿਕਸ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਵੀ ਸਿਹਤ ਮੰਤਰੀ ਨੇ ਵੱਖ-ਵੱਖ ਇਲਾਕਿਆਂ ਵਿੱਚ ਕੀਤਾ।
ਸਿਹਤ ਮੰਤਰੀ ਨੇ ਇਸ ਮੌਕੇ ਭਾਵੁਕ ਲਹਿਜੇ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੁਹਾਲੀ ਨੂੰ ਮੈਡੀਕਲ ਹੱਬ ਬਣਾਉਣ ਲਈ ਦਿਨ ਰਾਤ ਉਪਰਾਲੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕਾਂ ਨੂੰ 5 ਲੱਖ ਰੁਪਏ ਦੇ ਸਿਹਤ ਬੀਮੇ ਅਧੀਨ ਵਿੱਤੀ ਮੱਦਦ ਦੇਣ ਦਾ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਰਤ ਮੰਤਰੀ ਵਜੋਂ ਉਨ੍ਹਾਂ ਨੇ ਕਿਰਤੀਆਂ ਦੇ ਅਥਾਹ ਕੰਮ ਕੀਤੇ ਅਤੇ ਖਾਸ ਤੌਰ ਤੇ ਮੁਹਾਲੀ ਵਿੱਚ ਫੇਜ਼-8 ਅਤੇ ਫੇਜ਼-6 ਵਿੱਚ ਕਿਰਤੀਆਂ ਦੇ ਲੀਜ ’ਤੇ ਚਲ ਰਹੇ ਮਕਾਨ ਸਿੱਧੇ ਉਨ੍ਹਾਂ ਦੇ ਨਾਂ ਤੇ ਅਲਾਟ ਕਰਵਾ ਕੇ ਉਨ੍ਹਾਂ ਦੇ ਸਿਰ ਤੇ ਲਟਕੀ ਤਲਵਾਰ ਹਮੇਸ਼ਾਂ ਲਈ ਹਟਵਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਖੇਤਰ ਵਿੱਚ ਲਾਂਡਰਾਂ ਦੇ ਚੌਕ ਤੇ ਜਿੱਥੇ ਹਮੇਸ਼ਾ ਜਾਮ ਲੱਗਦੇ ਸਨ ਉਹ ਮਸਲਾ ਵੀ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਮੇਸ਼ਾ ਲਈ ਹੱਲ ਕਰਵਾਇਆ ਹੈ ਅਤੇ ਹੁਣ ਇੱਥੇ ਟਰੈਫ਼ਿਕ ਦਾ ਫਲੋਅ ਬੜੇ ਆਰਾਮ ਨਾਲ ਚਲਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਲਗਾਤਾਰ ਦਿਨ ਰਾਤ ਇੱਕ ਕਰਕੇ ਸਿਹਤ ਵਿਭਾਗ ਦੀ ਟੀਮ ਇਹ ਸਰਕਾਰ ਨਾਲ ਤਾਲਮੇਲ ਕਰਕੇ ਇਸ ਬਿਮਾਰੀ ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਗ੍ਰਿਫ਼ਤ ਵਿੱਚ ਵੀ ਆ ਗਿਆ ਪਰ ਉਹ ਲਗਾਤਾਰ ਪੰਜਾਬ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ ਉਪਰਾਲੇ ਕਰਦੇ ਰਹੇ।
ਹਲਕਾ ਵਿਧਾਇਕ ਬਲਬੀਰ ਸਿੱਧੂ ਨੇ ਕਿਹਾ ਕਿ ਭਾਵੇਂ ਉਹ ਅੱਜ ਮੰਤਰੀ ਨਹੀਂ ਹਨ ਪਰ ਮੁਹਾਲੀ ਦੇ ਲੋਕ ਉਨ੍ਹਾਂ ਦੀ ਤਾਕਤ ਹਨ ਕਿਉਂਕਿ ਇਲਾਕੇ ਦੇ ਲੋਕਾਂ ਨੇ ਹੀ ਲਗਾਤਾਰ ਤਿੰਨ ਵਾਰ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਮਾਣ ਬਖ਼ਸ਼ਿਆ ਹੈ।

ਉਨ੍ਹਾਂ ਕਿਹਾ ਕਿ ਮੁਹਾਲੀ ਦੀ ਨਗਰ ਨਿਗਮ ਦਿਨ ਰਾਤ ਇੱਕ ਕਰਕੇ ਮੁਹਾਲੀ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਮੁਹਾਲੀ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਵੱਖ-ਵੱਖ ਇਲਾਕਿਆਂ ਦੇ ਕੌਂਸਲਰ, ਕਾਂਗਰਸੀ ਆਗੂ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।