ਬਲਬੀਰ ਸਿੱਧੂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕ ਕੇ ਕੀਤਾ ਚੋਣ ਪ੍ਰਚਾਰ ਸ਼ੁਰੂ

ਫੇਜ਼-7 ਦੇ ਮੰਦਰ ’ਚ ਵੀ ਮੱਥਾ ਟੇਕਿਆ, ਇਲਾਕਾ ਵਾਸੀਆਂ ਤੋਂ ਵਿਕਾਸ ਦੇ ਨਾਂ ’ਤੇ ਮੰਗੇ ਵੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜਨਵਰੀ:
ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਐਤਵਾਰ ਨੂੰ ਸਵੇਰੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਣ ਉਪਰੰਤ ਆਪਣੀ ਚੋਣ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ। ਸਿੱਧੂ ਨੇ ਕਿਹਾ ਕਿ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉਹ ਪਿਛਲੇ ਸਾਲਾਂ ਦੌਰਾਨ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੰਮ ਕਰਨ ਵਿੱਚ ਸਫਲ ਰਹੇ ਹਨ। ਇਹ ਗੁਰੂ ਮਹਾਰਾਜ ਦੀ ਕਿਰਪਾ ਅਤੇ ਮੁਹਾਲੀ ਵਾਸੀਆਂ ਦਾ ਪਿਆਰ ਹੀ ਹੈ ਕਿ ਉਨ੍ਹਾਂ ਨੂੰ 2007 ਤੋਂ ਲਗਾਤਾਰ ਤਿੰਨ ਵਾਰ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਅਸੀਂ ਵੱਡੇ ਫਰਕ ਨਾਲ ਚੋਣਾਂ ਜਿੱਤਾਂਗੇ।
ਉਨ੍ਹਾਂ ਆਪਣੀ ਚੋਣ ਮੁਹਿੰਮ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਪਿਛਲੇ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਦੇ ਦਮ ’ਤੇ ਆਪਣੀ ਚੋਣ ਮੁਹਿੰਮ ਵਿੱਚ ਜਾ ਰਹੇ ਹਾਂ। ਸਾਡਾ ਏਜੰਡਾ ਬਹੁਤ ਸਪੱਸ਼ਟ ਹੈ। ਅਸੀਂ ਵਿਕਾਸ ਕੀਤਾ ਹੈ ਅਤੇ ਚੋਣਾਂ ਜਿੱਤਣ ਤੋਂ ਬਾਅਦ ਅਗਲੇ ਪੰਜ ਸਾਲਾਂ ਵਿੱਚ ਹੋਰ ਜੋਸ਼ ਨਾਲ ਵਿਕਾਸ ਕਰਾਂਗੇ। ਅਸੀਂ ਆਪਣੇ ਪ੍ਰਦਰਸ਼ਨ ਦੇ ਆਧਾਰ ’ਤੇ ਸਮਰਥਨ ਮੰਗ ਰਹੇ ਹਾਂ। ਹੁਣ ਇਹ ਜਨਤਾ ਨੇ ਤੈਅ ਕਰਨਾ ਹੈ ਕਿ ਕਿਹੜਾ ਉਮੀਦਵਾਰ ਅਸਲ ਵਿੱਚ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰ ਸਕਦਾ ਹੈ ਅਤੇ ਕਿਹੜਾ ਨਹੀਂ।
ਮੁਹਾਲੀ ਦੇ ਲੋਕ ਦੇਖ ਸਕਦੇ ਹਨ ਕਿ ਅਸੀਂ ਪਿਛਲੇ ਸਾਲਾਂ ਦੌਰਾਨ ਮੁਹਾਲੀ ਵਿੱਚ ਅਣਗਿਣਤ ਵਿਕਾਸ ਕਾਰਜ ਕਰਵਾਏ ਹਨ। ਅਸੀਂ ਆਪਣੇ ਵਿਰੋਧੀਆਂ ਤੇ ਬੇਬੁਨਿਆਦ ਦੋਸ਼ ਅਤੇ ਆਲੋਚਨਾ ਕਰਕੇ ਸਮਰਥਨ ਨਹੀਂ ਮੰਗਾਂਗੇ। ਚੋਣਾਂ ਲਈ ਸਾਡੀ ਰਣਨੀਤੀ ਸਪੱਸ਼ਟ ਹੈ ਅਤੇ ਉਹ ਇਹ ਹੈ ਕੰਮ ਕੀਤਾ ਹੈ ਅਤੇ ਕੰਮ ਕਰਾਂਗੇ। ਇਸ ਦੌਰਾਨ ਸਿੱਧੂ ਨੇ ਸੈਕਟਰ-67 ਅਤੇ ਸੈਕਟਰ-68 ਵਿੱਚ ਰੱਖੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਵੀ ਭਾਗ ਲਿਆ। ਉਨ੍ਹਾਂ ਫੇਜ਼-7 ਸਥਿਤ ਮੰਦਰ ਵਿੱਚ ਵੀ ਮੱਥਾ ਟੇਕਿਆ।

ਇਸ ਮੌਕੇ ਸਿੱਧੂ ਦੇ ਪਰਿਵਾਰਕ ਮੈਂਬਰਾਂ ਸਮੇਤ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜੀਐਸ ਰਿਆੜ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਸੁੱਚਾ ਸਿੰਘ ਕਲੌੜ, ਰਵਿੰਦਰ ਸਿੰਘ ਪੰਜਾਬ ਮੋਟਰ ਵਾਲੇ, ਹਰਜੀਤ ਸਿੰਘ ਭੋਲੂ, ਬੂਟਾ ਸਿੰਘ, ਪਰਮਜੀਤ ਸਿੰਘ ਹੈਪੀ, ਕੁਲਵਿੰਦਰ ਸਿੰਘ, ਗੁਚਰਨ ਸਿੰਘ ਭੰਵਰਾ ਸਮੇਤ ਹੋਰ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…