
ਬਲਬੀਰ ਸਿੱਧੂ ਨੇ ਸ਼ਹਿਰ ਦੀਆਂ ਤਿੰਨ ਸੜਕਾਂ ਉੱਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
3.85 ਕਰੋੜ ਦੀ ਲਾਗਤ ਨਾਲ ਬਦਲੀ ਜਾਵੇਗੀ ਮੁਹਾਲੀ ਸ਼ਹਿਰ ਦੀਆਂ ਸੜਕਾਂ ਦੀ ਬਦਲੀ ਨੁਹਾਰ: ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਨਵੰਬਰ:
ਸਾਬਕਾ ਸਿਹਤ ਮੰਤਰੀ ਅਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਮੁਹਾਲੀ ਦੀਆਂ ਸਾਰੀਆਂ ਸੜਕਾਂ ਉੱਤੇ ਪ੍ਰੀਮਿਕਸ ਪਾ ਕੇ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਨੇ ਅੱਜ ਇੱਥੇ 3.85 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਤਿੰਨ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਅਤੇ ਠੇਕੇਦਾਰਾਂ ਨੂੰ 15 ਦਸੰਬਰ ਤੱਕ ਸਮੂਹ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਸ੍ਰੀ ਸਿੱਧੂ ਨੇ ਨਗਰ ਨਿਗਮ ਦੀ ਵਿਸ਼ੇਸ਼ ਟੀਮ ਨੂੰ ਸਮੇਂ ਸਮੇਂ ਸਿਰ ਵਿਕਾਸ ਕਾਰਜਾਂ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੀ ਜਾਂਚ ਲਈ ਸੈਂਪਲ ਲੈਣ ਅਤੇ ਖ਼ੁਦ ਨਜ਼ਰਸਾਨੀ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਸ਼ਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੇ ਕਮਿਸ਼ਨਰ ਕਮਲ ਗਰਗ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਰਾਧਾ ਸੁਆਮੀ ਸਤਿਸੰਗ ਤੋਂ ਫਰਨੀਚਰ ਮਾਰਕੀਟ ਵਾਲੀ ਰੋਡ ਉੱਤੇ 2.16 ਕਰੋੜ, ਸੋਹਾਣਾ ਦੀ ਫਿਰਨੀ ’ਤੇ 50 ਲੱਖ, ਏਅਰਪੋਰਟ ਸੜਕ ਤੋਂ ਪੁਰਾਣੇ ਸਪਾਈਸ ਚੌਕ ਤੱਕ ਸੜਕ ਉੱਤੇ 1.19 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿੱਚ ਆਉਣ ਵਾਲੇ ਪੈਸੇ ਦਾ ਬਹੁਤ ਵੱਡਾ ਹਿੱਸਾ ਮੁਹਾਲੀ ਦੇ ਲੋਕਾਂ ਦੀ ਜੇਬ ’ਚੋਂ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਆਉਂਦਾ ਹੈ। ਇਸ ਲਈ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾਵੇਗੀ ਅਤੇ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਪੈਸੇ ਦਾ ਸਹੀ ਉਪਯੋਗ ਹੋ ਸਕੇ। ਉਨ੍ਹਾਂ ਨਗਰ ਨਿਗਮ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਸਾਰੇ ਵਾਰਡਾਂ ਵਿੱਚ ਬਰਾਬਰ ਵਿਕਾਸ ਕੰਮ ਕੀਤੇ ਜਾਣ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਧਾਇਕ ਬਲਬੀਰ ਸਿੱਧੂ ਦੀ ਯੋਗ ਅਗਵਾਈ ਹੇਠ ਮੁਹਾਲੀ ਤਰੱਕੀ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ ਅਤੇ ਸ਼ਹਿਰ ਦੇ ਹਰ ਕੋਨੇ ਵਿੱਚ ਵਿਕਾਸ ਕੰਮ ਚੱਲ ਰਹੇ ਹਨ। ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ ਤੇ ਹਰਜੀਤ ਸਿੰਘ ਬੈਦਵਾਨ, ਗੁਰਸਾਹਿਬ ਸਿੰਘ, ਬੂਟਾ ਸਿੰਘ ਸੋਹਾਣਾ, ਸੁਖਦੇਵ ਸਿੰਘ, ਮਲਕੀਤ ਸਿੰਘ ਪ੍ਰਧਾਨ ਮਾਰਕੀਟ ਕਮੇਟੀ, ਹਰਜਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ, ਕਰਮਜੀਤ ਸਿੰਘ, ਗੁਰਿੰਦਰ ਸਿੰਘ ਥਿੰਦ, ਇੰਦਰ ਸਿੰਘ ਖੁਰਾਣਾ, ਗੁਰਦੇਵ ਸਿੰਘ ਬਿੰਦਰਾ, ਪੀਐਸ ਪੰਨੂ, ਐਸਐਸ ਵਧਾਵਨ, ਕੁਲਵੰਤ ਸਿੰਘ, ਅਮਨ ਚੀਮਾ, ਸੋਹਨ ਲਾਲ ਹੀਰਾ, ਜਸਵੰਤ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।