<2>ਬਲਬੀਰ ਸਿੱਧੂ ਦੀ ਅਣਥੱਕ ਮਿਹਨਤ ਤੇ ਕੁਲਜੀਤ ਬੇਦੀ ਦੀ ਕਾਨੂੰਨੀ ਲੜਾਈ ਰੰਗ ਲਿਆਈ
ਕਜੌਲੀ ਤੋਂ ਪਾਣੀ ਦਾ ਕੁਨੈਕਸ਼ਨ ਮੁਹਾਲੀ ਨੂੰ ਹੋਇਆ: 20 ਐਮਜੀਡੀ ਪਾਣੀ ਦੀ ਮੁਹਾਲੀ ਨੂੰ ਸਪਲਾਈ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਕਹਿੰਦੇ ਨੇ ਕਿ ਕਿਸੇ ਵੀ ਵਿਅਕਤੀ ਵੱਲੋਂ ਕੀਤੀ ਜਾਂਦੀ ਅਣਥਕ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਅਤੇ ਆਪਣਾ ਰੰਗ ਲਿਆਉਂਦੀ ਹੈ ਅਤੇ ਇਸੇ ਤਰ੍ਹਾਂ ਲੋਕ ਹਿੱਤ ਵਿੱਚ ਕੀਤੀ ਗਈ ਅਦਾਲਤੀ ਲੜਾਈ ਵਿੱਚ ਇਨਸਾਫ਼ ਵੀ ਜ਼ਰੂਰ ਮਿਲਦਾ ਹੈ। ਇਹ ਦੋਵੇਂ ਗੱਲਾਂ ਮੁਹਾਲੀ ਨੂੰ ਮਿਲੇ 20 ਐਮਜੀਡੀ ਪਾਣੀ ਨਾਲ ਸਾਬਤ ਹੁੰਦੀਆਂ ਹਨ। ਇਸ ਪਾਣੀ ਨੂੰ ਮੁਹਾਲੀ ਲਿਆਉਣ ਲਈ ਅਣਥੱਕ ਮਿਹਨਤ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹੈ ਜਦੋਂ ਕਿ ਇਸ ਲਈ ਕਈ ਵਰ੍ਹਿਆਂ ਦੀ ਕਾਨੂੰਨੀ ਲੜਾਈ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਲੜੀ।
ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿੱਚ ਪਾਣੀ ਦੀ ਭਾਰੀ ਕਿੱਲਤ ਨੂੰ ਦੇਖਦਿਆਂ ਇੱਕ ਕੇਸ ਪਾਇਆ ਸੀ ਜੋ ਕਈ ਸਾਲ ਹਾਈ ਕੋਰਟ ਵਿੱਚ ਚੱਲਿਆ। ਇਸ ਕੇਸ ਦੀ ਬਦੌਲਤ ਗਮਾਡਾ ਨੇ ਕਜੌਲੀ ਤੋਂ ਨਵੀਂ ਪਾਈਪ ਲਾਈਨ ਪਾਉਣ ਸਬੰਧੀ ਫ਼ੈਸਲਾ ਕੀਤਾ ਅਤੇ ਅੱਸੀ ਐਮਜੀਡੀ ਪਾਣੀ ਦੀ ਇੱਕ ਪਾਈਪ ਪਾਈ ਗਈ ਜਿਸ ਤੋਂ ਚਾਲੀ ਐਮਜੀਡੀ ਪਾਣੀ ਚੰਡੀਗੜ੍ਹ ਅਤੇ ਚਾਲੀ ਐਮਜੀਡੀ ਮਾਲੀ ਨੂੰ ਮਿਲਣਾ ਸੀ।
ਕੁਲਜੀਤ ਬੇਦੀ ਦੱਸਦੇ ਹਨ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਉਪਰੰਤ ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਵਿਚਾਲੇ ਦੋ ਸਾਲ ਕੋਰੋਨਾ ਦੀ ਮਹਾਂਮਾਰੀ ਆਉਣ ਕਾਰਨ ਇਹ ਪ੍ਰੋਜੈਕਟ ਥੋੜ੍ਹਾ ਲਮਕ ਗਿਆ ਨਹੀਂ ਤਾਂ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਮਿਹਨਤ ਸਦਕਾ ਪਹਿਲਾਂ ਹੀ ਇਹ ਪ੍ਰਾਜੈਕਟ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਪਾਈਪ ਪਾਉਣ ਤੋਂ ਲੈ ਕੇ ਪਿੰਡ ਸਿੰਘਪੁਰ ਵਿਖੇ ਲੱਗੇ 95 ਕਰੋੜ ਦੇ ਵਾਟਰ ਟਰੀਟਮੈਂਟ ਪਲਾਂਟ ਸਮੇਤ ਲਗਪਗ 375 ਕਰੋੜ ਰੁਪਏ ਖਰਚ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਕਜੌਲੀ ਤੋਂ ਆਉਣ ਵਾਲੇ ਪਾਣੀ ਦਾ ਕੁਨੈਕਸ਼ਨ ਮੁਹਾਲੀ ਨਾਲ ਹੋ ਗਿਆ ਹੈ ਜਿਸ ਨਾਲ ਇਹ ਪਾਣੀ ਮੁਹਾਲੀ ਨੂੰ ਸਪਲਾਈ ਹੋਣਾ ਸ਼ੁਰੂ ਹੋ ਗਿਆ ਹੈ।
ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ ਅਤੇ ਮੁਹਾਲੀ ਜ਼ਿਲ੍ਹੇ ਵਿੱਚ ਹੀ ਨਿਊ ਚੰਡੀਗੜ੍ਹ ਵੀ ਵੱਸ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਇਲਾਕੇ ਵਿੱਚ ਪਾਣੀ ਦੀ ਲੋੜ ਨੂੰ ਵੇਖਦੇ ਹੋਏ ਆਉਂਦੇ 20 ਸਾਲਾਂ ਤਕ ਮੁਹਾਲੀ ਨੂੰ ਪਾਣੀ ਦੀ ਥੁੜ੍ਹ ਮਹਿਸੂਸ ਨਹੀਂ ਹੋਵੇਗੀ। ਟਿਊਬਵੈੱਲਾਂ ਉੱਤੇ ਨਿਰਭਰਤਾ ਹੋਵੇਗੀ ਖਤਮ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਵਿੱਚ ਸਿੱਧਾ ਨਹਿਰੀ ਪਾਣੀ ਸਪਲਾਈ ਹੋਣ ਨਾਲ ਟਿਊਬਵੈਲਾਂ ਤੇ ਨਿਰਭਰਤਾ ਵੀ ਖਤਮ ਹੋਵੇਗੀ ਅਤੇ ਇਸ ਨਾਲ ਜ਼ਮੀਨ ਹੇਠਲੇ ਪਾਣੀ ਦਾ ਲੈਵਲ ਵੀ ਪੱਧਰ ਵਧੇਗਾ ਅਤੇ ਇਸ ਨਾਲ ਪ੍ਰਦੂਸ਼ਣ ਵੀ ਘਟੇਗਾ।
ਉਨ੍ਹਾਂ ਮੁਹਾਲੀ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੀ ਬਦੌਲਤ ਇਹ ਪ੍ਰੋਜੈਕਟ ਨੇਪਰੇ ਚੜ੍ਹਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮੁਹਾਲੀ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਸਬੰਧੀ ਭਾਰੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਉਨ੍ਹਾਂ ਵਿਰੋਧ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਤੇ ਬੰਨ੍ਹੀ ਪੱਟੀ ਵੀ ਖੁੱਲ੍ਹੇਗੀ ਜੋ ਕਹਿੰਦੇ ਹਨ ਕਿ ਵਿਧਾਇਕ ਬਲਬੀਰ ਸਿੱਧੂ ਨੇ ਮੁਹਾਲੀ ਦਾ ਕੋਈ ਵਿਕਾਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਜੋ ਵਿਕਾਸ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਸਿੱਧੂ ਨੇ ਕਰਵਾਇਆ ਹੈ ਉਨ੍ਹਾਂ ਨਾ ਤਾਂ ਪਹਿਲਾਂ ਕਿਸੇ ਨੇ ਸੋਚਿਆ ਹੀ ਸੀ ਅਤੇ ਨਾ ਹੀ ਕੋਈ ਹੋਰ ਆਗੂ ਕਰਵਾਉਣ ਦੇ ਸਮਰੱਥ ਹੀ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਵਿਕਾਸ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਲਈ ਬਲਬੀਰ ਸਿੰਘ ਸਿੱਧੂ ਦਾ ਮੁੜ ਵਿਧਾਨ ਸਭਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਅਤੇ ਮੁਹਾਲੀ ਦੇ ਲੋਕ ਰਿਕਾਰਡ ਤੋੜ ਵੋਟਾਂ ਪਾ ਕੇ ਬਲਬੀਰ ਸਿੱਧੂ ਨੂੰ ਜਿਤਾਉਣ ਲਈ ਤਿਆਰ ਬੈਠੇ ਹਨ।