nabaz-e-punjab.com

ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ 24 ਸਾਲਾਂ ਦੇ ਸੰਘਰਸ਼ ਤੋਂ ਬਾਅਦ ਮਿਲੀ ਝੰਡੀ ਵਾਲੀ ਕਾਰ

ਪੰਜਾਬ ਯੂਥ ਕਾਂਗਰਸ ਦੇ ਸੰਗਠਨ ਸਕੱਤਰ ਤੋਂ ਸਿਆਸਤ ਸ਼ੁਰੂ ਕਰਨ ਵਾਲੇ ਸਿੱਧੂ ਨੇ ਦੇਖੇ ਕਈ ਸਿਆਸੀ ਉਤਾਰ ਚੜ੍ਹਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਮੁਹਾਲੀ ਦੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਮੰਤਰੀ ਬਣਾਏ ਜਾਣ ਦਾ ਐਲਾਨ ਹੋਣ ਦੇ ਬਾਅਦ ਤੋਂ ਹੀ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਲਾਈਨ ਲੱਗੀ ਹੋਈ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਵੱਧ ਚੜ੍ਹ ਕੇ ਉਹਨਾਂ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਸ੍ਰੀ ਸਿੱਧੂ ਨੂੰ ਮੰਤਰੀ ਬਣਾਏ ਜਾਣ ਤੋਂ ਬਾਅਦ ਜਿੱਥੇ ਉਹਨਾਂ ਦਾ ਸਿਆਸੀ ਕਦ ਕਾਫੀ ਜਿਆਦਾ ਵੱਧ ਗਿਆ ਹੈ ਉੱਥੇ ਉਹ ਮੁਹਾਲੀ ਜਿਲ੍ਹੇ ਤੋੱ ਬਣਨ ਵਾਲੇ ਪਹਿਲੇ ਕੈਬਿਨਟ ਮੰਤਰੀ ਵੀ ਬਣ ਗਏ ਹਨ। ਪਰੰਤੂ ਇਹ ਸਾਰਾ ਕੁੱਝ ਅਚਾਨਕ ਹੀ ਨਹੀਂ ਹੋਇਆ ਹੈ ਅਤੇ ਇਸ ਮੁਕਾਮ ਤਕ ਪਹੁੰਚਣ ਲਈ ਸ੍ਰੀ ਸਿੱਧੂ ਨੇ ਪਿਛਲੇ ਢਾਈ ਦਹਾਕਿਆਂ ਦੇ ਆਪਣੇ ਸਿਆਸੀ ਜਵਨ ਵਿੱਚ ਕਈ ਉਤਾਰ ਚੜ੍ਹਾਅ ਦਾ ਸਾਮ੍ਹਣਾ ਕੀਤਾ ਹੈ।
ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੁਹਾਲੀ ਸ਼ਹਿਰ ਵਿੱਚ ਸ੍ਰੀ ਸਿੱਧੂ ਵੱਲੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ (1994 ਵਿੱਚ) ਪੰਜਾਬ ਯੂਥ ਕਾਂਗਰਸ ਦੇ ਸੰਗਠਨ ਸਕੱਤਰ ਦੇ ਅਹੁਦੇ ਨਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। 1996 ਵਿੱਚ ਉਹਨਾਂ ਨੂੰ ਪੰਜਾਬ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਇਸ ਦੌਰਾਨ ਉਹਨਾਂ ਦੀ ਪੰਜਾਬ ਕਾਂਗਰਸ ਦੀ ਸ਼ਿਖਰ ਅਗਵਾਈ ਨਾਲ ਨੇੜਤਾ ਕਾਇਮ ਹੋਈ। 1997 ਵਿੱਚ ਜਦੋਂ ਪੰਜਾਬ ਵਿਧਾਨਸਭਾ ਦੀ ਚੋਣ ਹੋਈ ਤਾਂ ਉਸ ਵੇਲੇ ਸ੍ਰੀ ਸਿੱਧੂ ਖਰੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਸਨ। ਉਸ ਵੇਲੇ ਇਹ ਚਰਚਾ ਜੋਰਾਂ ਤੇ ਸੀ ਕਿ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਵੱਲੋਂ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਦੀ ਟਿਕਟ ਕੱਟ ਕੇ ਬਲਬੀਰ ਸਿੰਘ ਸਿੱਧੂ ਨੂੰ ਇੱਥੋੱ ਚੋਣ ਲੜਵਾਈ ਗਈ ਸੀ। 1997 ਦੀ ਚੋਣ ਵਿੱਚ ਭਾਵੇਂ ਸ੍ਰੀ ਸਿੱਧੂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਪਰੰਤੂ ਉਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਬਣੇ ਰਹਿ ਕੇ ਹਲਕੇ ਵਿੱਚ ਆਪਣੀ ਪਕੜ ਮਜਬੂਤ ਕਰਦੇ ਰਹੇ।
ਸਾਲ 2002 ਵਿੱਚ ਹੋਈਆਂ ਚੋਣਾਂ ਮੌਕੇ ਸ੍ਰੀ ਸਿੱਧੂ ਨੂੰ ਉਸ ਵੇਲੇ ਨਮੋਸ਼ੀ ਦਾ ਸਾਮ੍ਹਣਾ ਕਰਨਾ ਪਿਆ ਜਦੋਂ ਪਾਰਟੀ ਵੱਲੋਂ ਉਹਨਾਂ ਦੀ ਟਿਕਟ ਕੱਟ ਕੇ ਇੱਥੋਂ ਸ੍ਰੀ ਬੀਰਦਵਿੰਦਰ ਸਿੰਘ ਨੂੰ ਟਿਕਟ ਦੇ ਦਿੱਤੀ। ਇਸ ਮੌਕੇ ਸ੍ਰੀ ਸਿੱਧੂ ਨੇ ਪਾਰਟੀ ਤੋੱ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਫਿਰ ਹਾਰ ਗਏ। ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਛੇ ਸਾਲਾਂ ਲਈ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। ਪਰੰਤੂ ਕੁੱਝ ਸਮੇਂ ਬਾਅਦ ਹੀ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਲਾਲ ਸਿੰਘ ਅਤੇ ਉਸ ਵੇਲੇ ਦੇ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਸ੍ਰੀ ਸਿੱਧੂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਗਿਆ ਅਤੇ ਫਿਰ ਉਹਨਾਂ ਨੂੰ ਜ਼ਿਲ੍ਹਾ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਇਸਦੇ ਨਾਲ ਹੀ ਸ੍ਰੀ ਦੂਲੋਂ ਨੇ ਸ੍ਰੀ ਸਿੱਧੂ ਨੂੰ ਮੁੜ ਹਲਕੇ ਦੇ ਸੰਭਾਵੀ ਉਮੀਦਵਾਰ ਵਜੋੱ ਉਭਾਰਿਆ।
ਫਿਰ 2007 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸ੍ਰੀ ਸਿੱਧੂ ਖਰੜ ਹਲਕੇ ਤੋੱ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ। ਹਾਲਾਂਕਿ ਉਸ ਵੇਲੇ ਪੰਜਾਬ ਵਿੱਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣੀ ਅਤੇ ਸ੍ਰੀ ਸਿੱਧੂ ਨੂੰ ਸਰਕਾਰੀ ਤੌਰ ਤੇ ਪੂਰੀ ਤਾਕਤ ਹਾਸਿਲ ਨਹੀਂ ਹੋ ਪਾਈ। ਪਹਿਲਾਂ ਹਲਕੇ ਦੇ ਕੰਮ ਕਾਜ ਕੈਪਟਨ ਕੰਵਲਜੀਤ ਸਿੰਘ ਦੀ ਨਿਗਰਾਨੀ ਵਿੱਚ ਹੀ ਰਹੇ ਅਤੇ ਫਿਰ ਉਹਨਾਂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੋੱ ਬਾਅਦ ਅਕਾਲੀ ਦਲ ਵਲੋੱ ਸ੍ਰੀ ਐਨ ਕੇ ਸ਼ਰਮਾ ਨੂੰ ਇੱਥੋੱ ਦਾ ਹਲਕਾ ਇੰਚਾਰਜ ਥਾਪ ਦਿੱਤਾ ਗਿਆ। ਬਾਅਦ ਵਿੱਚ ਅਕਾਲੀ ਦਲ ਨੇ ਸ੍ਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਅਤੇ ਸ੍ਰੀ ਸਿੱਧੂ ਦਾ ਇਹ ਕਾਰਜਕਾਲ ਇਹਨਾਂ ਵੱਖ ਵੱਖ ਹਲਕਾ ਇੰਚਾਰਜਾਂ ਨਾਲ ਸਿਆਸੀ ਟਕਰਾਓ ਦੌਰਾਨ ਹੀ ਲੰਘ ਗਿਆ।
2012 ਵਿੱਚ ਹੋਈ ਨਵੀਂ ਹਲਕਾ ਬੰਦੀ ਦੌਰਾਨ ਮੁਹਾਲੀ ਨੂੰ ਵੱਖਰੇ ਵਿਧਾਨਸਭਾ ਹਲਕੇ ਦਾ ਦਰਜਾ ਹਾਸਿਲ ਹੋ ਗਿਆ ਅਤੇ ਸ੍ਰੀ ਸਿੂੱਧ ਨੇ ਇੱਥੋਂ ਪਾਰਟੀ ਟਿਕਟ ਤੇ ਚੋਣ ਲੜ ਕੇ ਜਿੱਤ ਹਾਸਲ ਕੀਤੀ। ਇਸ ਵਾਰ ਫਿਰ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਬਣ ਗਈ ਅਤੇ ਸ੍ਰੀ ਸਿੱਧੂ ਦਾ ਇਹ ਕਾਰਜਕਾਲ ਵੀ ਅਕਾਲੀਆਂ ਨਾਲ ਸਿਆਸੀ ਖਿੱਚੋਤਾਣ ਵਿੱਚ ਹੀ ਲੰਘਿਆ।
2017 ਵਿੱਚ ਹੋਈ ਚੋਣ ਦੌਰਾਨ ਸ੍ਰੀ ਸਿੱਧੂ ਲਗਾਤਾਰ ਤੀਜੀ ਵਾਰ ਵਿਧਾਇਕ ਦੀ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੀ ਬਣ ਗਈ। ਉਸ ਵੇਲੇ ਤੋੱ ਹੀ ਇਹ ਚਰਚਾ ਜੋਰ ਫੜਦੀ ਰਹੀ ਹੈ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਵੇਗਾ ਅਤੇ ਅਖੀਰਕਾਰ ਹੁਣ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸਿੱਧੂ ਨੂੰ ਟਰਾਂਸਪੋਰਟ ਵਿਭਾਗ ਦੀ ਜ਼ਿੰਮੇਵਾਰੀ ਦੇਣ ਬਾਰੇ ਚਰਚਾ ਚਲ ਰਹੀ ਹੈ ਅਤੇ ਦੇਖਣਾ ਇਹ ਹੈ ਕਿ ਕੈਬਨਿਟ ਮੰਤਰੀ ਵਜੋਂ ਆਪਣੀ ਇਸ ਪਾਰੀ ਦੌਰਾਨ ਉਹ ਕੀ ਪ੍ਰਾਪਤੀ ਕਰਨ ਦੇ ਸਮਰਥ ਹੁੰਦੇ ਹਨ ਅਤੇ ਮੁਹਾਲੀ ਹਲਕੇ ਨੂੰ ਉਹਨਾਂ ਦੇ ਮੰਤਰੀ ਬਣਨ ਨਾਲ ਕੀ ਹਾਸਲ ਹੁੰਦਾ ਹੈ।
ਇਸ ਦੌਰਾਨ ਸ੍ਰੀ ਸਿੱਧੂ ਨੇ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਲਈ ਧੰਨਵਾਦ ਕਰਿਦਆਂ ਕਿਹਾ ਕਿ ਪਹਿਲਾਂ ਵਿਧਾਇਕ ਹੋਣ ਦੇ ਨਾਤੇ ਉਹਨਾਂ ਕੋਲ ਸਿਰਫ ਮੁਹਾਲੀ ਹਲਕੇ ਦੀ ਸੇਵਾ ਸੰਭਾਲ ਕਰਨ ਦੀ ਜ਼ਿੰਮੇਵਾਰੀ ਸੀ ਅਤ ਹੁਣ ਜਿੰਮੇਵਾਰੀ ਵੱਧ ਗਈ ਹੈ। ਉਹਨਾਂ ਕਿਹਾ ਕਿ ਮੰਤਰੀ ਬਣਨ ਨਾਲ ਉਹਨਾਂ ਨੂੰ ਪੂਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…