ਬਲੌਂਗੀ ਨੂੰ ਕੰਟੇਨਮੈਂਟ ਜੋਨ ਐਲਾਨਿਆ, ਬਾਹਰੀ ਵਿਅਕਤੀਆਂ ਦੀ ਐਂਟਰੀ ’ਤੇ ਪਾਬੰਦੀ

ਬਲੌਂਗੀ ਪੁਲੀਸ ਨੇ ਕਰਵਾਈ ਮੁਨਿਆਦੀ, ਬਾਜ਼ਾਰ ਬੰਦ, ਲੋਕਾਂ ਵਿੱਚ ਸਹਿਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮਈ:
ਸਿਹਤ ਵਿਭਾਗ ਦੀ ਸਿਫ਼ਾਰਸ਼ ’ਤੇ ਕਸਬਾ ਬਲੌਂਗੀ ਨੂੰ ਕੰਟੇਨਮੈਂਟ ਜੋਨ ਐਲਾਨ ਦਿੱਤਾ ਗਿਆ ਹੈ। ਇਸ ਸਬੰਧੀ ਬਲੌਂਗੀ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਸਮੁੱਚੇ ਪਿੰਡ ਅਤੇ ਕਲੋਨੀਆਂ ਵਿੱਚ ਮੁਨਿਆਦੀ ਕਰਵਾ ਕੇ ਸਾਰੀ ਮਾਰਕੀਟਾਂ ਬੰਦ ਕਰਵਾ ਦਿੱਤੀਆਂ ਹਨ। ਇਸ ਗੱਲ ਦੀ ਪੁਸ਼ਟੀ ਅੱਜ ਦੇਰ ਸ਼ਾਮ ਬਲੌਂਗੀ ਥਾਣਾ ਦੇ ਐਸਐਚਓ ਭਗਵੰਤ ਸਿੰਘ ਰਿਆੜ ਨੇ ਕੀਤੀ। ਉਨ੍ਹਾਂ ਦੱਸਿਆ ਕਿ ਬਲੌਂਗੀ ਵਿੱਚ ਸਪੀਕਰ ਰਾਹੀਂ ਮੁਨਿਆਦੀ ਕਰਵਾਈ ਗਈ ਹੈ ਅਤੇ ਇੱਥੇ ਪੂਰਨ ਤੌਰ ’ਤੇ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਅੱਜ ਬਾਜ਼ਾਰ ਪੂਰਨ ਤੌਰ ’ਤੇ ਬੰਦ ਨਜ਼ਰ ਆਏ। ਇਹੀ ਨਹੀਂ ਰਾਸ਼ਨ, ਸਬਜ਼ੀ, ਦਵਾਈਆਂ, ਦੁੱਧ, ਡੇਅਰੀ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਬੰਦ ਦੇਖੀਆਂ ਗਈਆਂ ਪ੍ਰੰਤੂ ਆਮ ਲੋਕਾਂ ਦੀ ਆਵਾਜਾਈ ਆਮ ਦਿਲਾਂ ਵਾਂਗ ਜਾਰੀ ਸੀ। ਬਲੌਂਗੀ ਦੇ ਐਂਟਰੀ ਪੁਆਇੰਟਾਂ ’ਤੇ ਪੁਲੀਸ ਵੱਲੋਂ ਬੈਰੀਕੇਟ ਲਗਾ ਕੇ ਨਾਕਾਬੰਦੀ ਕੀਤੀ ਗਈ ਹੈ।
ਥਾਣਾ ਮੁਖੀ ਭਗਵੰਤ ਸਿੰਘ ਰਿਆੜ ਨੇ ਦੱਸਿਆ ਕਿ ਬਲੌਂਗੀ ਨੂੰ ਕੰਟੈਨਮੈਂਟ ਜੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਪੀਸੀਆਰ ਦੀ ਮਦਦ ਨਾਲ ਇੱਥੇ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਲੌਂਗੀ ਵਿੱਚ ਬਾਹਰੀ ਵਿਅਕਤੀਆਂ ਦੀ ਐਂਟਰੀ ’ਤੇ ਅਗਲੇ ਹੁਕਮਾਂ ਤੱਕ ਮੁਕੰਮਲ ਪਾਬੰਦੀ ਲਗਾਈ ਗਈ ਹੈ ਤਾਂ ਜੋ ਕਰੋਨਾ ਨੂੰ ਠੱਲ੍ਹ ਪਾਉਣ ਲਈ ਸਥਾਨਕ ਲੋਕਾਂ ਨੂੰ ਇਕ ਦੂਜੇ ਦੇ ਸੰਪਰਕ ਵਿੱਚ ਆਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਬਲੌਂਗੀ ਵਿੱਚ ਪੂਰਨ ਤਾਲਾਬੰਦੀ ਰੱਖੀ ਜਾਵੇਗੀ। ਜੇਕਰ ਕੋਈ ਵਿਅਕਤੀ ਜਾਂ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…