Nabaz-e-punjab.com

ਬਲੌਂਗੀ ਪੁਲੀਸ ਵੱਲੋਂ ਹੈਰੋਇਨ ਤਸਕਰੀ ਮਾਮਲੇ ਮੁਲਜ਼ਮ ਗ੍ਰਿਫ਼ਤਾਰ, ਚਾਰ ਰੋਜ਼ਾ ਪੁਲੀਸ ਰਿਮਾਂਡ

ਪਟਿਆਲਾ ਜੇਲ੍ਹ ਵਿੱਚ ਨਸ਼ਾ ਤਸਕਰ ਨਾਇਜੀਰੀਅਨ ਨਾਲ ਹੋਈ ਸੀ ਜਸਵਿੰਦਰ ਦੀ ਮੁਲਾਕਾਤ

ਜ਼ਮਾਨਤ ’ਤੇ ਆ ਕੇ ਨਾਇਜੀਰੀਅਨ ਦੇ ਭਰਾ ਕੋਲੋਂ ਦਿੱਲੀ ਤੋਂ ਹੈਰੋਇਨ ਲਿਆ ਕੇ ਮੁੜ ਵੇਚਣੀ ਕੀਤੀ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਜ਼ਿਲ੍ਹਾ ਪੁਲੀਸ ਵੱਲੋਂ ਐਸਐਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਬਲੌਂਗੀ ਪੁਲੀਸ ਨੇ ਇਕ ਨੌਜਵਾਨ ਨੂੰ 15 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਸਵਿੰਦਰ ਜੱਸੀ ਦੇ ਖ਼ਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਖਰੜ ਸਦਰ ਥਾਣੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਕੇਸ ਦਰਜ ਹਨ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ, ਪ੍ਰੰਤੂ ਜ਼ਮਾਨਤ ਦੇ ਬਾਹਰ ਆ ਕੇ ਉਸ ਨੇ ਮੁੜ ਤੋਂ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਬਲੌਂਗੀ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਘੁੰਮ ਫਿਰ ਕੇ ਆਪਣੇ ਪੱਕੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਦਾ ਹੈ ਅਤੇ ਅੱਜ ਵੀ ਉਹ ਖਰਨ ਨੰਬਰੀ ਸਕੂਟਰੀ ’ਤੇ ਸਵਾਰ ਹੋ ਕੇ ਮੁਹਾਲੀ ਤੋਂ ਖਰੜ ਵੱਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਸਬ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਹੌਲਦਾਰ ਦਰਸ਼ਨ ਕੁਮਾਰ ਦੀ ਅਗਵਾਈ ਹੇਠ ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਕਲੋਨੀ ਨੇੜੇ ਨਾਕਾਬੰਦੀ ਕਰਕੇ ਪੁਲੀਸ ਨੇ ਜਸਵਿੰਦਰ ਜੱਸੀ ਵਾਸੀ ਪਿੰਡ ਅਨਦਾਨਾ (ਸੰਗਰੂਰ) ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਅਨੁਸਾਰ ਮੌਜੂਦਾ ਸਮੇਂ ਵਿੱਚ ਉਹ ਸੈਕਟਰ-115 ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਥਾਣਾ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦੀ ਦੌਰਾਨ ਉਸ ਦੀ ਮੁਲਾਕਾਤ ਨਸ਼ਾ ਤਸਕਰ ਨਾਇਜੀਰੀਅਨ ਨਾਲ ਹੋ ਗਈ। ਜਿਸ ਨੇ ਮੁਲਜ਼ਮ ਜੱਸੀ ਨੂੰ ਆਪਣੇ ਭਰਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਦਿੱਲੀ ਵਿੱਚ ਹੈਰੋਇਨ ਤਸਕਰੀ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰਦਾ ਹੈ। ਇਸ ਤਰ੍ਹਾਂ ਖਰੜ ਵਾਲੇ ਮਾਮਲੇ ਵਿੱਚ ਮੁਲਜ਼ਮ ਜਸਵਿੰਦਰ ਜੱਸੀ ਨੇ ਜ਼ਮਾਨਤ ’ਤੇ ਜੇਲ੍ਹ ’ਚੋਂ ਰਿਹਾਅ ਹੋਣ ਉਪਰੰਤ ਦਿੱਲੀ ਵਿੱਚ ਨਾਇਜੀਰੀਅਨ ਨਾਲ ਸੰਪਰਕ ਕਾਇਮ ਕੀਤਾ ਅਤੇ ਉੱਥੋਂ 2200 ਰੁਪਏ ਪ੍ਰਤੀ ਗਰਾਮ ਹੈਰੋਇਨ ਲਿਆ ਕੇ ਚੰਡੀਗੜ੍ਹ, ਮੁਹਾਲੀ ਅਤੇ ਖਰੜ ਇਲਾਕੇ ਵਿੱਚ ਪ੍ਰਤੀ ਗਰਾਮ 4 ਹਜ਼ਾਰ ਤੋਂ 4500 ਰੁਪਏ ਵਿੱਚ ਹੈਰੋਇਨ ਵੇਚਣੀ ਸ਼ੁਰੂ ਕਰ ਦਿੱਤੀ। ਮੁਲਜ਼ਮ ਅਨੁਸਾਰ ਜ਼ਿਆਦਾ ਤੋੜ ਲੱਗੀ ਹੋਣ ਵਾਲੇ ਨਸੇੜੀ ਇਕ ਗਰਾਮ ਹੈਰੋਇਨ ਦੇ 5 ਹਜ਼ਾਰ ਰੁਪਏ ਤੱਕ ਵੀ ਦੇ ਦਿੰਦੇ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਾਇਜੀਰੀਅਨ ਦੀ ਪੈੜ ਨੱਪਣ ਲਈ ਮੁਲਜ਼ਮ ਜੱਸੀ ਨੂੰ ਰਾਹਦਾਰੀ ਵਾਰੰਟ ’ਤੇ ਦਿੱਲੀ ਲਿਜਾਇਆ ਜਾਵੇਗਾ ਤਾਂ ਜੋ ਉਸ ਦੀ ਨਿਸ਼ਾਨਦੇਹੀ ’ਤੇ ਨਾਇਜੀਰੀਅਨ ਨੂੰ ਕਾਬੂ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Punjab Police to install 2300 CCTV cameras at 703 strategic locations in all border districts

Punjab Police to install 2300 CCTV cameras at 703 strategic locations in all border distri…