ਬਲੌਂਗੀ ਪੁਲੀਸ ਵੱਲੋਂ ਪੀਜੀ ਦਾ ਕੇਅਰ ਟੇਕਰ ਸਾਢੇ 69 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ:
ਬਲੌਂਗੀ ਪੁਲੀਸ ਨੇ 69 ਹਜ਼ਾਰ 500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਪੀਜੀ ਦੇ ਕੇਅਰ ਟੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਉਸਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਬਲੌਂਗੀ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਬਲੌਂਗੀ ਸਥਿਤ ਏਕਤਾ ਕਲੋਨੀ ਵਿੱਚ ਚੱਲਦੇ ਯੈਲੋ ਪੀਜੀ ਵਿੱਚ ਰਹਿੰਦੇ ਨਵਾਬ ਉਰਫ਼ ਫਿਰੋਜ ਵਾਸੀ ਪਿੰਡ ਕੁਮਰਪੁਰ ਨਾਨਕਾਰ (ਮੁਰਾਦਾਬਾਦ) ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 69 ਹਜ਼ਾਰ 500 ਰੁਪਏ ਜਾਅਲੀ ਭਾਰਤੀ ਕਰੰਸੀ, ਇਕ ਪ੍ਰਿੰਟਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਇਕ ਹੋਰ ਸਾਥੀ ਬਿਜੇਂਦਰ ਵਾਸੀ ਹਿਸਾਰ (ਹਰਿਆਣਾ) ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਬਲੌਂਗੀ ਥਾਣਾ ਵਿੱਚ ਧਾਰਾ 489-ਏ, 489-ਬੀ, 489-ਸੀ, 489-ਡੀ ਤਹਿਤ ਅਪਰਾਧਿਕ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਬਿਜੇਂਦਰ ਪਹਿਲਾਂ ਇਸ ਪੀਜੀ ਵਿੱਚ ਕਿਰਾਏ ’ਤੇ ਰਹਿੰਦਾ ਸੀ ਅਤੇ ਜਾਅਲੀ ਨੋਟ ਬਣਾਉਣ ਦਾ ਕੰਮ ਜਾਣਦਾ ਸੀ। ਉਹ ਚਾਰ ਕੁ ਮਹੀਨੇ ਪਹਿਲਾਂ ਹੀ ਉਕਤ ਪੀਜੀ ਨੂੰ ਛੱਡ ਕੇ ਚਲਾ ਗਿਆ ਸੀ ਅਤੇ ਉਸ ਨੇ ਜਾਣ ਤੋਂ ਪਹਿਲਾਂ ਪੀਜੀ ਦੇ ਕੇਅਰ ਟੇਕਰ ਨਵਾਬ ਉਰਫ਼ ਫਿਰੋਜ ਨੂੰ ਨਕਲੀ ਨੋਟ ਬਣਾਉਣ ਦਾ ਕੰਮ ਸਿਖਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਿਜੇਂਦਰ ਦੇ ਪੀਜੀ ਛੱਡ ਕੇ ਜਾਣ ਤੋਂ ਬਾਅਦ ਨਵਾਬ ਨੇ ਨਕਲੀ ਨੋਟ ਬਣਾਉਣ ਦਾ ਧੰਦਾ ਸ਼ੁਰੂ ਕਰ ਲਿਆ ਸੀ। ਮੁਲਜ਼ਮ ਵੱਲੋਂ ਇਹ ਨਕਲੀ ਨੋਟ ਰੇਹੜੀਆਂ ਫੜੀਆਂ ’ਤੇ ਚਲਾਏ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਮਾਸਟਰ ਮਾਈਂਡ ਬਿਜੇਂਦਰ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…