Nabaz-e-punjab.com

ਬਲੌਂਗੀ ਪੁਲੀਸ ਨੇ ਦੋ ਘੰਟਿਆਂ ਵਿੱਚ ਸੁਲਝਾਈ ਰਾਜ ਮਿਸਤਰੀ ਦੇ ਕਤਲ ਦੀ ਗੁੱਥੀ, ਮੁਲਜ਼ਮ ਗ੍ਰਿਫ਼ਤਾਰ

ਟੀਡੀਆਈ ਸਿਟੀ ਵਿੱਚ ਉਸਾਰੀ ਅਧੀਨ ਹੋਟਲ ’ਚ ਵਾਪਰੀ ਘਟਨਾ, ਮਜ਼ਦੂਰ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਸਥਾਨਕ ਟੀਡੀਆਈ ਸਿਟੀ ਵਿੱਚ ਉਸਾਰੀ ਅਧੀਨ ਇਕ ਹੋਟਲ ਵਿੱਚ ਕੰਮ ਕਰਦੇ ਮਜ਼ਦੂਰ ਨੇ ਆਪਣੀ ਪਤਨੀ ਨਾਲ ਕਥਿਤ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਰਾਜ ਮਿਸਤਰੀ ਦੇ ਸਿਰ ਵਿੱਚ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਰਾਮ ਸਿੰਘਾਸਨ ਪਟੇਲ (40) ਵਾਸੀ ਬਿਹਾਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਤੇ ਹੋਰ ਪੁਲੀਸ ਕਰਮਚਾਰੀ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਅਤੇ ਮ੍ਰਿਤਕ ਰਾਜ ਮਿਸਤਰੀ ਦੇ ਬਿਹਾਰ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਸੂਚਨਾ ਦੇ ਦਿੱਤੀ ਗਈ। ਬਲੌਂਗੀ ਪੁਲੀਸ ਨੇ ਇਸ ਹੱਤਿਆ ਮਾਮਲੇ ਨੂੰ ਮਹਿਜ਼ ਦੋ ਘੰਟਿਆਂ ਵਿੱਚ ਸੁਲਝਾ ਕੇ ਮੁਲਜ਼ਮ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਰਾਮ ਸਿੰਘਾਸਨ ਪਟੇਲ ਅਤੇ ਓਮ ਪ੍ਰਕਾਸ਼ ਟੀਡੀਆਈ ਸਿਟੀ ਵਿੱਚ ਉਸਾਰੀ ਅਧੀਨ ਇਕ ਹੋਟਲ ਦੇ ਨਿਰਮਾਣ ਲਈ ਕੰਮ ਕਰਦੇ ਸੀ ਅਤੇ ਕੰਮ ਖ਼ਤਮ ਕਰਨ ਤੋਂ ਬਾਅਦ ਹੋਟਲ ਦੀ ਉਸਾਰੀ ਅਧੀਨ ਇਮਾਰਤ ਵਿੱਚ ਹੀ ਰਹਿੰਦੇ ਸਨ। ਪਟੇਲ ਰਾਜ ਮਿਸਤਰੀ ਕੰਮ ਕਰਦਾ ਸੀ ਅਤੇ ਹੇਠਲੀ ਮੰਜ਼ਲ ’ਤੇ ਰਹਿੰਦਾ ਸੀ। ਮਜ਼ਦੂਰ ਓਮ ਪ੍ਰਕਾਸ਼ ਇਸੇ ਇਮਾਰਤ ਦੀ ਉੱਪਰਲੀ ਮੰਜ਼ਲ ’ਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਓਮ ਪ੍ਰਕਾਸ਼ ਨੂੰ ਸ਼ੁਰੂ ਤੋਂ ਹੀ ਆਪਣੇ ਮਿਸਤਰੀ ’ਤੇ ਸ਼ੱਕ ਸੀ ਕਿ ਪਟੇਲ ਦੇ ਉਸ ਦੀ ਪਤਨੀ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਪਹਿਲਾਂ ਵੀ ਦੋਵਾਂ ਜਣਿਆਂ ਵਿੱਚ ਝਗੜਾ ਹੋ ਚੁੱਕਾ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਰਾਜ ਮਿਸਤਰੀ ਵੀ ਅਕਸਰ ਓਮ ਪ੍ਰਕਾਸ਼ ਦੇ ਘਰ ਰਾਸ਼ਨ ਪਾਣੀ ਦਾ ਸਮਾਨ ਭੇਜਦਾ ਰਹਿੰਦਾ ਸੀ।
ਬੀਤੇ ਦਿਨੀਂ ਓਮ ਪ੍ਰਕਾਸ਼ ਅਤੇ ਰਾਮ ਸਿੰਘਾਸਨ ਪਟੇਲ ਰਾਤ ਤੱਕ ਇਕੱਠੇ ਹੋਟਲ ਦੇ ਉਸਾਰੀ ਕਾਰਜਾਂ ਵਿੱਚ ਲੱਗੇ ਰਹੇ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਹ ਦੋਵੇਂ ਆਪੋ ਆਪਣੇ ਟਿਕਾਣੇ ’ਤੇ ਜਾ ਕੇ ਸੌ ਗਏ। ਇਸ ਦੌਰਾਨ ਅੱਧੀ ਰਾਤ ਤੋਂ ਬਾਅਦ ਕਰੀਬ 1 ਵਜੇ ਓਮ ਪ੍ਰਕਾਸ਼ ਨੇ ਹੇਠਲੀ ਮੰਜ਼ਲ ’ਤੇ ਸੁੱਤੇ ਪਏ ਰਾਮ ਸਿੰਘਾਸਨ ਪਟੇਲ ਦੇ ਸਿਰ ਅਤੇ ਮੂੰਹ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਹਮਲੇ ਤੋਂ ਬਾਅਦ ਉਹ ਚੁਪ ਚੁਪੀਤੇ ਫਿਰ ਤੋਂ ਉੱਪਰਲੀ ਮੰਜ਼ਲ ’ਤੇ ਜਾ ਕੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਸੌ ਗਿਆ। ਇਸ ਘਟਨਾ ਦਾ ਅੱਜ ਸਵੇਰੇ ਉਦੋਂ ਲੱਗਿਆ ਜਦੋਂ ਬਾਕੀ ਮਜ਼ਦੂਰ ਕੰਮ ’ਤੇ ਆਏ ਤਾਂ ਉਨ੍ਹਾਂ ਦੇਖਿਆ ਕਿ ਰਾਜ ਮਿਸਤਰੀ ਖੂਨ ਨਾਲ ਲੱਥਪੱਥ ਪਿਆ ਹੈ।
ਉਧਰ, ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਹੋਟਲ ਦਾ ਮਾਲਕ ਵੀ ਮੌਕੇ ’ਤੇ ਪਹੁੰਚ ਗਿਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲੀਸ ਟੀਮ ਨੂੰ ਉੱਥੇ ਮੌਜੂਦ ਮਜ਼ਦੂਰਾਂ ਨੇ ਦੱਸਿਆ ਕਿ ਓਮ ਪ੍ਰਕਾਸ਼ ਅਤੇ ਰਾਮ ਸਿੰਘਾਸਨ ਪਟੇਲ ਪਹਿਲਾਂ ਵੀ ਆਪਸ ਵਿੱਚ ਝਗੜਦੇ ਰਹਿੰਦੇ ਸਨ। ਪੁਲੀਸ ਨੇ ਜਦੋਂ ਓਮ ਪ੍ਰਕਾਸ਼ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਕੁਝ ਦੱਸ ਦਿੱਤਾ।
ਉਧਰ, ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਓਮ ਪ੍ਰਕਾਸ਼ ਖ਼ਿਲਾਫ਼ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਬੇਟੇ ਦੇ ਬਿਹਾਰ ਤੋਂ ਮੁਹਾਲੀ ਆਉਣ ਤੋਂ ਬਾਅਦ ਹੀ ਲਾਸ਼ ਦਾ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …