
ਬਲੌਂਗੀ ਪੁਲੀਸ ਵੱਲੋਂ ਲਾਂਡਰਾਂ-ਖਰੜ ਸੜਕ ਤੋਂ ਹਾਂਡਾ ਕਾਰ ਲੈ ਕੇ ਭੱਜਿਆਂ ਮੁਲਜ਼ਮ ਕਾਬੂ
ਕਾਰ ਸਟਾਰਟ ਕਰਵਾਉਣ ਦੇ ਬਹਾਨੇ ਪੀੜਤ ਦੀ ਕਾਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ ਮੁਲਜ਼ਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਗਸਤ:
ਮੁਹਾਲੀ ਦੇ ਥਾਣਾ ਬਲੌਂਗੀ ਦੀ ਪੁਲੀਸ ਨੇ ਲਾਂਡਰਾਂ-ਖਰੜ ਤੋਂ ਕਾਰ ਲੈ ਕੇ ਫਰਾਰ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸ਼ਿਵਮ ਕੁਮਾਰ ਵਾਸੀ ਜੇਟੀਪੀਐਲ (ਖਰੜ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਬੀਤੀ 31 ਜੁਲਾਈ ਨੂੰ ਜਸ਼ਨਦੀਪ ਸਿੰਘ ਕੋਲੋਂ ਖੋਹੀ ਕਾਰ ਵੀ ਬਰਾਮਦ ਕਰ ਲਈ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਬਲੌਂਗੀ ਥਾਣੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐਸਪੀ ਖਰੜ ਦੀਪਕ ਰਾਏ ਅਤੇ ਥਾਣਾ ਮੁਖੀ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਜਸ਼ਨਦੀਪ ਸਿੰਘ ਆਪਣੀ ਮਾਂ ਮਨਵੀਰ ਕੌਰ ਚੱਢਾ ਨਾਲ ਹਾਂਡਾ ਕਾਰ ਵਿੱਚ ਪਟਿਆਲਾ ਤੋਂ ਵਾਪਸ ਘਰ ਆ ਰਹੇ ਸੀ। ਰਸਤੇ ਵਿੱਚ ਚੱਪੜਚਿੜੀ ਤੋਂ ਥੋੜਾ ਅੱਗੇ ਗੌਲਫ਼ ਲਿੰਕ ਦੇ ਸਾਹਮਣੇ ਉਨ੍ਹਾਂ ਦੀ ਕਾਰ ਪੰਚਰ ਹੋ ਗਈ। ਜਸ਼ਨਦੀਪ ਨੇ ਕਾਰ ਦਾ ਟਾਇਰ ਬਦਲਣ ਉਪਰੰਤ ਜਦੋਂ ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਟਾਰਟ ਨਹੀਂ ਹੋਈ। ਇਸ ਮੌਕੇ ਰਾਹਗੀਰਾਂ ਨੇ ਉਸ ਦੀ ਕਾਰ ਸਟਾਰਟ ਕਰਨ ਵਿੱਚ ਮਦਦ ਕੀਤੀ ਪ੍ਰੰਤੂ ਕਾਰ ਸਟਾਰਟ ਨਹੀਂ ਹੋਈ। ਇਸ ਦੌਰਾਨ ਸ਼ਿਵਮ ਉੱਥੇ ਮੋਟਰ ਸਾਈਕਲ ’ਤੇ ਆਇਆ ਅਤੇ ਉਸ ਨੇ ਜਸ਼ਨਦੀਪ ਸਿੰਘ ਨੂੰ ਕਿਹਾ ਕਿ ਉਹ ਕਾਰ ਸਟਾਰਟ ਕਰ ਦੇਣਗੇ। ਇਸ ਤਰ੍ਹਾਂ ਸ਼ਿਵਮ ਕਾਰ ਵਿੱਚ ਬੈਠ ਗਿਆ ਅਤੇ ਉਸ ਨੇ ਜਸ਼ਨਦੀਪ ਅਤੇ ਉੱਥੇ ਖੜੇ ਲੋਕਾਂ ਨੂੰ ਕਾਰ ਨੂੰ ਧੱਕਾ ਲਗਾਉਣ ਲਈ ਕਿਹਾ ਅਤੇ ਕਾਰ ਸਟਾਰਟ ਹੋਣ ’ਤੇ ਸ਼ਿਵਮ ਉੱਥੋਂ ਕਾਰ ਨੂੰ ਭਜਾ ਕੇ ਲੈ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਜਸ਼ਨਦੀਪ ਸਿੰਘ ਦੀ ਸ਼ਿਕਾਇਤ ’ਤੇ ਬਲੌਂਗੀ ਥਾਣੇ ਵਿੱਚ ਕੇਸ ਦਰਜ ਕਰਕੇ ਪੁਲੀਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਏਐਸਆਈ ਭਗਤ ਰਾਮ ਦੀ ਅਗਵਾਈ ਵਾਲੀ ਟੀਮ ਨੇ ਪਿੰਡ ਨਵਾਂ ਸ਼ਹਿਰ ਬਡਾਲਾ ਸੜਕ ’ਤੇ ਨਾਕਾਬੰਦੀ ਕਰਕੇ ਮੁਲਜ਼ਮ ਸ਼ਿਵਮ ਨੂੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲੋਕਾਂ ਨੂੰ ਕਿਰਾਏ ’ਤੇ ਕਮਰੇ ਦਿਵਾਉਣ ਦਾ ਕੰਮ ਕਰਦਾ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਪਟਿਆਲਾ ਵਿੱਚ ਠੱਗੀ ਅਤੇ ਚੋਰੀ ਦੇ ਮਾਮਲੇ ਦਰਜ ਹਨ। ਪੁਲੀਸ ਨੇ ਸ਼ਿਵਮ ਦੇ ਮੋਟਰ ਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਉਸ ਦੀ ਮਲਕੀਅਤ ਬਾਰੇ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।