
ਬਲੌਂਗੀ ਪੁਲੀਸ ਨੇ ਲਾਪਤਾ ਲੜਕਾ ਲੱਭ ਕੇ ਵਾਰਸਾਂ ਹਵਾਲੇ ਕੀਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਕਤੂਬਰ:
ਬਲੌਂਗੀ ਪੁਲੀਸ ਵੱਲੋਂ ਤਿੰਨ ਦਿਨ ਪਹਿਲਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋਏ ਲੜਕੇ ਨੂੰ ਲੱਭ ਕੇ ਅੱਜ ਵਾਰਸਾਂ ਦੇ ਹਵਾਲੇ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਬਲੌਂਗੀ ਥਾਣਾ ਦੇ ਐਸਐਚਓ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਨੇੜਲੇ ਪਿੰਡ ਬਹਿਲੋਲਪੁਰ ਦੇ ਵਸਨੀਕ ਪ੍ਰਦੀਪ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਬੀਤੀ 20 ਅਕਤੂਬਰ ਨੂੰ ਉਸ ਦਾ 15 ਸਾਲ ਦਾ ਭਾਣਜਾ ਮੰਥਨ ਸਿੰਘ ਸਾਈਕਲ ’ਤੇ ਸਵਾਰ ਹੋ ਕੇ ਬਿਨਾਂ ਕਿਸੇ ਨੂੰ ਦੱਸੇ ਕਿਧਰੇ ਚਲਾ ਗਿਆ ਹੈ। ਉਸ ਦਾ ਕਹਿਣਾ ਸੀ ਕਿ ਮੰਥਨ ਦਾ ਦਿਮਾਗ ਬਚਪਨ ਤੋਂ ਹੀ ਜ਼ਿਆਦਾ ਪ੍ਰਫੁੱਲਤ ਨਹੀਂ ਹੈ ਅਤੇ ਉਹ ਤੋਤਲਾ ਬੋਲਦਾ ਹੈ ਅਤੇ ਆਪਣਾ ਨਾਮ ਪਤਾ ਵੀ ਨਹੀਂ ਦਸ ਸਕਦਾ ਹੈ।
ਗੁਮਸ਼ੁਦਗੀ ਰਿਪੋਰਟ ਦਰਜ ਕਰਨ ਉਪਰੰਤ ਪੁਲੀਸ ਵੱਲੋਂ ਇਲਾਕੇ ਵਿੱਚ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ ਅਤੇ ਸੋਸ਼ਲ ਮੀਡੀਆ ’ਤੇ ਲਾਪਤਾ ਹੋਏ ਲੜਕੇ ਬਾਰੇ ਜਾਣਕਾਰੀ ਅਪਲੋਡ ਕੀਤੀ ਗਈ। ਪੁਲੀਸ ਵੱਲੋਂ ਆਪਣੇ ਪੱਧਰ ’ਤੇ ਵੀ ਮੰਥਨ ਦੀ ਭਾਲ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪਿੰਡ ਸਨੇਟਾ ਤੋਂ ਕਾਲਾ ਨਾਮ ਦੇ ਵਿਅਕਤੀ ਨੇ ਪੁਲੀਸ ਨੂੰ ਫੋਨ ’ਤੇ ਦੱਸਿਆ ਕਿ ਉਸ ਨੂੰ ਇਕ ਲੜਕਾ ਮਿਲਿਆ ਹੈ, ਜੋ ਪਿੰਡ ਸੰਘੋਲ ਦਾ ਵਸਨੀਕ ਦਸਦਾ ਹੈ, ਜਦੋਂ ਉਹ ਉਸ ਨੂੰ ਸੰਘੋਲ ਪਿੰਡ ਲੈ ਕੇ ਗਿਆ ਤਾਂ ਉੱਥੇ ਉਸ ਦਾ ਘਰ ਪਰਿਵਾਰ ਨਹੀਂ ਮਿਲਿਆ ਅਤੇ ਹੁਣ ਸ਼ੋਸ਼ਲ ਮੀਡੀਆ ’ਤੇ ਇਸ ਲੜਕੇ ਦੀਆਂ ਤਸਵੀਰਾਂ ਦੇਖ ਕੇ ਉਸ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਉਪਰੰਤ ਪੁਲੀਸ ਵੱਲੋਂ ਮੰਥਨ ਦੀ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਫੋਨ ’ਤੇ ਵੀਡੀਓ ਕਾਲ ਕਰਵਾਈ ਗਈ ਅਤੇ ਵਾਰਸਾਂ ਨੇ ਉਸ ਨੂੰ ਪਛਾਣ ਲਿਆ। ਇਸ ਮਗਰੋਂ ਪੁਲੀਸ ਨੇ ਉਸ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ।