ਬਲੌਂਗੀ ਪੁਲੀਸ ਨੇ ਪੇਂਟਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਮੁਲਜ਼ਮ ਗ੍ਰਿਫ਼ਤਾਰ

ਘਰ ਦੇ ਬਾਹਰ ਗਲੀ ’ਚ ਪਿਸ਼ਾਬ ਕਰਨ ਤੋਂ ਰੋਕਣ ’ਤੇ ਚਾਕੂ ਤੇ ਇੱਟਾਂ ਮਾਰ ਕੇ ਕੀਤਾ ਸੀ ਕਤਲ, 5 ਹਾਲੇ ਫਰਾਰ

ਤਿੰਨ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਆਏ ਸੀ ਮੁਲਜ਼ਮ, ਅੱਠ ਮੁਲਜ਼ਮਾਂ ’ਚੋਂ ਛੇ ਜਣਿਆਂ ਦੀ ਹੋਈ ਸ਼ਨਾਖ਼ਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਬਲੌਂਗੀ ਪੁਲੀਸ ਨੇ 72 ਘੰਟਿਆਂ ਦੀ ਸਖ਼ਤ ਮਿਹਨਤ ਨਾਲ ਇੱਥੋਂ ਦੇ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਵਾਸੀ ਬਲੌਂਗੀ, ਪਰਦੀਪ ਕੁਮਾਰ ਉਰਫ਼ ਕੱਲੂ ਵਾਸੀ ਫੇਜ਼-1 ਅਤੇ ਰਾਜ ਕੁਮਾਰ ਵਾਸੀ ਮਦਨਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਬੀਤੀ 27 ਜੂਨ ਦੀ ਰਾਤ ਨੂੰ ਪੇਂਟਰ ਸੰਜੇ ਯਾਦਵ ਨੇ ਮੁਲਜ਼ਮਾਂ ਨੂੰ ਗਲੀ ਵਿੱਚ ਪਿਸ਼ਾਬ ਕਰਨ ਤੋਂ ਰੋਕਣ ਦਾ ਯਤਨ ਕੀਤਾ ਸੀ ਪ੍ਰੰਤੂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਚਾਕੂ ਅਤੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਸਬੰਧੀ ਮ੍ਰਿਤਕ ਦੀ ਪਤਨੀ ਉਰਮਿਲਾ ਦੇਵੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302,450,148 ਤੇ 149 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸ੍ਰੀ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੁਹਾਲੀ ਦੇ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਐਸਪੀ (ਦਿਹਾਤੀ) ਰਵਜੋਤ ਕੌਰ ਗਰੇਵਾਲ ਅਤੇ ਡੀਐਸਪੀ ਪਾਲ ਸਿੰਘ ਦੀ ਨਿਗਰਾਨੀ ਹੇਠ ਬਲੌਂਗੀਂ ਥਾਣਾ ਦੇ ਐਸਐਚਓ ਇੰਸਪੈਕਟਰ ਅਮਰਦੀਪ ਸਿੰਘ, ਵਧੀਕ ਐਸਐਚਓ ਨਿਸ਼ਾਨ ਸਿੰਘ ਅਤੇ ਏਐਸਆਈ ਕੇਵਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੇਂਟਰ ਦੀ ਹੱਤਿਆ ਕਰਨ ਲਈ ਅੱਠ ਵਿਅਕਤੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹ ਤਿੰਨ ਮੋਟਰ ਸਾਈਕਲਾਂ ਦੋ ਸਪਲੈਡਰ ਅਤੇ ਪਲਸਰ ’ਤੇ ਸਵਾਰ ਹੋ ਕੇ ਆਏ ਸੀ। ਜਿਨ੍ਹਾਂ ’ਚੋਂ ਛੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਗਈ। ਜਿਨ੍ਹਾਂ ਵਿੱਚ ਮਨੋਜ ਕੁਮਾਰ, ਪਰਦੀਪ ਕੁਮਾਰ, ਰਾਜ ਕੁਮਾਰ, ਬਲਵੰਤ, ਰੋਹਤਾਸ ਉਰਫ਼ ਭਾਯਾ ਅਤੇ ਚੰਦੂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਕਤਲ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਪੁਲੀਸ ਨੇ ਤਿੰਨ ਮੁਲਜ਼ਮਾਂ ਮਨੋਜ, ਪਰਦੀਪ ਅਤੇ ਰਾਜ ਕੁਮਾਰ ਨੂੰ ਕਾਬੂ ਕਰ ਲਿਆ ਹੈ।
ਥਾਣਾ ਮੁਖੀ ਅਮਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆਂ ਚਾਕੂ ਅਤੇ ਇੱਟਾਂ ਬਰਾਮਦ ਕਰ ਲਈਆਂ ਹਨ ਅਤੇ ਮੁਲਜ਼ਮਾਂ ਦਾ ਪਲਸਰ ਮੋਟਰ ਸਾਈਕਲ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨੋਜ ਬਲੌਂਗੀ ਵਿੱਚ ਰਹਿੰਦਾ ਹੈ ਅਤੇ ਬੜਮਾਜਰਾ ਤੇ ਨੇੜਲੇ ਇਲਾਕਿਆਂ ਵਿੱਚ ਗੈਸ ਸਿਲੰਡਰ ਸਪਲਾਈ ਕਰਦਾ ਹੈ। ਰਾਜ ਕੁਮਾਰ ਦੀ ਮਾਂ ਪਿੰਡ ਮਦਨਪੁਰਾ ਵਿੱਚ ਰਹਿੰਦੀ ਹੈ, ਪ੍ਰੰਤੂ ਉਹ ਜ਼ਿਆਦਾਤਰ ਆਪਣੇ ਦੋਸਤਾਂ ਕੋਲ ਹੀ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਨ੍ਹਾਂ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ ਵੀ ਲੜਾਈ ਝਗੜਾ ਕਰਨ ਦੇ ਕੇਸ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਬਾਕੀ ਫਰਾਰ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਪਤਾ ਕਰਨਾ ਹੈ ਅਤੇ ਦੋ ਪਸਲੈਡਰ ਮੋਟਰ ਸਾਈਕਲ ਬਰਾਮਦ ਕੀਤੇ ਜਾਣੇ ਹਨ।
ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪੇਂਟਰ ਦੀ ਲੱਤ ’ਤੇ ਚਾਕੂ ਨਾਲ ਏਨੇ ਵਾਰ ਕੀਤੇ ਕਿ ਉਸ ਦੇ ਪੱਟ ਦੀ ਅਹਿਮ ਨਸ ਕੱਟੀ ਗਈ ਅਤੇ ਸਿਰ ਵਿੱਚ ਇੱਟਾਂ ਮਾਰ ਮਾਰ ਕੇ ਖੋਪੜੀ ਦੋਫਾੜ ਕਰ ਦਿੱਤੀ ਸੀ। ਜਿਸ ਕਾਰਨ ਉਸ ਦੇ ਸਰੀਰ ’ਚੋਂ ਲਗਭਗ ਸਾਰਾ ਖੂਨ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਪਿੱਛੋਂ ਗੋਰਖਪੁਰ (ਯੂਪੀ) ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਉਰਮਿਲਾ ਦੇਵੀ ਅਤੇ ਛੇ ਸਾਲ ਦੀ ਬੇਟੀ ਨਾਲ ਬੜਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …