ਪੰਚਾਇਤ ਮੰਤਰੀ ਮਲੂਕਾ ਨੂੰ ਹੁਣ ਯਾਦ ਆਇਆ ਪਿੰਡਾਂ ਦੇ ਵਿਕਾਸ ਦਾ ਚੇਤਾ: ਬਲਵਿੰਦਰ ਕੁੰਭੜਾ

ਡੈਮੋਕ੍ਰੇਟਿਕ ਸਵਰਾਜ ਪਾਰਟੀ ਤੇ ਪੰਚਾਇਤ ਯੂਨੀਅਨ ਦੀ ਮੀਟਿੰਗ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕੰਮਾਂ ਦਾ ਲੇਖਾ-ਜੋਖਾ

ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਵਿਕਾਸ ਦੇ ਨਾਂ ’ਤੇ ਡੱਕਾ ਨਹੀਂ ਤੋੜਿਆ। ਜਿਸ ਕਾਰਨ ਪਿੰਡਾਂ ਵਿੱਚ ਵਿਕਾਸ ਕਾਰਜ ਠੱਪ ਪਏ ਹਨ ਲੇਕਿਨ ਹੁਣ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪਿੰਡਾਂ ਦੇ ਵਿਕਾਸ ਦਾ ਚੇਤਾ ਆ ਗਿਆ ਹੈ। ਇਹ ਗੱਲ ਪੰਚਾਇਤ ਯੂਨੀਅਨ ਪੰਜਾਬ ਅਤੇ ਡੈਮੋਕ੍ਰੇਟਿਕ ਸਵਰਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਅੱਜ ਇੱਥੇ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਸ੍ਰੀ ਮਲੂਕਾ ਨੇ ਬੀਤੇ ਦਿਨੀਂ ਮੁਹਾਲੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਇਮਾਰਤ ਦੇ ਉਦਘਾਟਨ ਮੌਕੇ ਸੂਬੇ ਦੇ 12 ਹਜ਼ਾਰ ਪਿੰਡਾਂ ਦੇ ਵਿਕਾਸ ਕਾਰਜਾਂ ’ਤੇ 30 ਹਜ਼ਾਰ ਕਰੋੜ ਰੁਪਏ ਖਰਚੇ ਕੀਤੇ ਜਾਣ ਦੀ ਗੱਲ ਆਖੀ ਸੀ। ਮੰਤਰੀ ਦੇ ਇਸ ਬਿਆਨ ’ਤੇ ਤਿੱਖੀ ਪ੍ਰਕਿਰਿਆ ਜ਼ਾਹਰ ਕਰਦਿਆਂ ਸ੍ਰੀ ਕੁੰਭੜਾ ਨੇ ਕਿਹਾ ਕਿ ਜਿਹੜੀ ਸਰਕਾਰ 10 ਸਾਲਾਂ ਵਿੱਚ ਕੁੱਝ ਨਹੀਂ ਕਰ ਸਕੀ, ਉਹ ਭਲਾ ਹੁਣ 15 ਦਿਨਾਂ ਵਿੱਚ ਕੀ ਕਰੇਗੀ।
ਸ੍ਰੀ ਕੁੰਭੜਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਸਾਰ ਤੱਕ ਨਹੀਂ ਲਈ ਹੈ। ਪਿੰਡਾਂ ਦੀਆਂ ਫਿਰਨੀਆਂ ਕੱਚੀਆਂ ਹਨ। ਖੇਡ ਗਰਾਉਂਡ ਅਤੇ ਧਰਮਸ਼ਾਲਾਵਾਂ ਦੀ ਅਣਹੋਂਦ ਅਤੇ ਜ਼ਿਆਦਾਤਰ ਅਧੂਰੇ ਕੰਮ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਵਿਕਾਸ ਪੱਖੋਂ ਕਾਫ਼ੀ ਅੱਗੇ ਲੰਘ ਚੁੱਕਾ ਹੈ ਪ੍ਰੰਤੂ ਪੰਜਾਬ ਵਿੱਚ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਤੋਂ ਲੈ ਕੇ ਪੰਚਾਂ-ਸਰਪੰਚਾਂ ਨੂੰ ਮਾਣ ਭੱਤੇ ਲਈ ਵੀ ਤਰਸਣਾ ਪੈ ਰਿਹਾ ਹੈ। ਸਰਪੰਚਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਮਾਣ ਭੱਤਾ ਨਹੀਂ ਮਿਲਿਆ ਹੈ। ਇਸ ਮੌਕੇ ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਮਾਸਟਰ ਗੁਰਚਰਨ ਸਿੰਘ, ਰਣਧੀਰ ਸਿੰਘ, ਅਵਤਾਰ ਸਿੰਘ ਮੱਕੜਿਆਂ, ਸਾਬਕਾ ਸਰਪੰਚ ਸੁਰਜੀਤ ਸਿੰਘ ਚੱਪੜਚਿੜੀ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਮੋਹਨ ਸਿੰਘ, ਅਜਾਇਬ ਸਿੰਘ ਬਾਕਰਪੁਰ, ਬਲਵੀਰ ਸਿੰਘ ਗੋਬਿੰਦਗੜ੍ਹ, ਜਸਪਾਲ ਸਿੰਘ ਰਾਏਪੁਰ ਖੁਰਦ, ਪ੍ਰੇਮ ਸਿੰਘ ਗੁਰਦਾਸਪੁਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…