Nabaz-e-punjab.com

ਮੁਹਾਲੀ ਵਿੱਚ ਪਾਬੰਦੀ ਦੇ ਬਾਵਜੂਦ ਸ਼ਰ੍ਹੇਆਮ ਜਨਤਕ ਥਾਵਾਂ ’ਤੇ ਵਿਕ ਰਿਹਾ ਤੰਬਾਕੂ

ਪ੍ਰਮੁੱਖ ਅਦਾਰਿਆਂ ਦੇ ਬਾਹਰ ਖੁੱਲੇਆਮ ਹੋ ਰਹੀ ਸਿਗਰਟਨੋਸ਼ੀ, ਮੁਹਾਲੀ ਸਿਵਲ, ਪੁਲੀਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਬੇਖ਼ਬਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਪਾਬੰਦੀ ਦੇ ਬਾਵਜੂਦ ਸ਼ਰ੍ਹੇਆਮ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਜਨਤਕ ਥਾਵਾਂ ’ਤੇ ਤੰਬਾਕੂ ਉਤਪਾਦ ਵੇਚੇ ਜਾ ਰਹੇ ਹਨ ਅਤੇ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਬਾਹਰ ਅਤੇ ਹੋਰ ਕਈ ਪ੍ਰਮੁੱਖ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਬਾਹਰ ਖੁੱਲ੍ਹੇਆਮ ਸਿਗਰਟਨੋਸ਼ੀ ਕੀਤੀ ਜਾ ਰਹੀ ਹੈ ਲੇਕਿਨ ਮੁਹਾਲੀ ਸਿਵਲ, ਪੁਲੀਸ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ ਬਿਲਕੁਲ ਬੇਖ਼ਬਰ ਹਨ ਜਾਂ ਇਹ ਕਹਿ ਲਓ ਕਿ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ।
ਜਾਣਕਾਰੀ ਅਨੁਸਾਰ ਤੰਬਾਕੂ ਵਿਰੁੱਧ ਸੰਘਰਸ਼ਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਮੁਹਾਲੀ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ਼ਹਿਰ ਵਿੱਚ ਭਾਵੇਂ ਜਨਤਕ ਥਾਵਾਂ ਉੱਤੇ ਤੰਬਾਕੂ ਦੀ ਵਿਕਰੀ ਅਤੇ ਸਿਗਰਟਨੋਸ਼ੀ ’ਤੇ ਪਾਬੰਦੀ ਲਗਾਈ ਗਈ ਸੀ ਪਰ ਇਸ ਦੇ ਬਾਵਜੂਦ ਅਜੋਕੇ ਸਮੇਂ ਵਿੱਚ ਜਨਤਕ ਥਾਵਾਂ ’ਤੇ ਬੀੜੀ ਸਿਗਰਟ ਦੇ ਸੇਵਨ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਹੀ ਨਹੀਂ ਹੁਣ ਤਾਂ ਨਾਬਾਲਗ ਬੱਚੇ ਵੀ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਦੇ ਨਜ਼ਰ ਆਉਣ ਲੱਗੇ ਹਨ। ਸ਼ਹਿਰ ਦੇ ਲਗਭਗ ਹਰੇਕ ਹਿੱਸੇ ਵਿੱਚ ਜਨਤਕ ਥਾਵਾਂ ਉੱਤੇ ਮਾਰਕੀਟ ਦੀਆਂ ਪਾਰਕਿੰਗਾਂ ਅਤੇ ਸੜਕਾਂ ਕਿਨਾਰੇ ਫੁੱਟਪਾਥਾਂ ਉੱਤੇ ਬੈਠੇ ਸਮਾਨ ਵੇਚਣ ਵਾਲੇ ਅਤੇ ਚਾਹ ਦੇ ਖੋਖੇ ਵਾਲਿਆਂ ਪਾਸ ਅਜਿਹੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਜੋ ਕਿ ਚਾਹ ਦਾ ਆਰਡਰ ਦੇ ਕੇ ਬੀੜੀ ਸਿਗਰਟ ਪੀਣ ਲੱਗ ਜਾਂਦੇ ਹਨ।
ਇਸ ਤੋਂ ਇਲਾਵਾ ਨਾਬਾਲਗ ਬੱਚੇ ਵੀ ਦੁਕਾਨਾਂ ਦੇ ਬਾਹਰ ਬਰਾਂਡਿਆਂ ਵਿੱਚ ਅਤੇ ਹੋਰਨਾਂ ਥਾਵਾਂ ’ਤੇ ਸਿਗਰਟ ਦੇ ਕੱਸ਼ ਲਗਾਉਂਦੇ ਨਜ਼ਰ ਆਉਂਦੇ ਹਨ। ਭਾਵੇਂ ਨਾਬਾਲਗ ਬੱਚਿਆਂ ਨੂੰ ਬੀੜੀ ਸਿਗਰਟ ਵੇਚਣਾ ਕਾਨੂੰਨੀ ਜੁਰਮ ਹੈ ਪਰ ਫਿਰ ਵੀ ਅਨੇਕਾਂ ਬੱਚੇ ਖੋਖਿਆਂ ਅਤੇ ਦੁਕਾਨਾਂ ਤੋਂ ਤੰਬਾਕੂ ਦਾ ਸੇਵਨ ਅਤੇ ਬੀੜੀ ਸਿਗਰਟ ਪੀ ਕੇ ਧੂੰਆਂ ਉਡਾਉਂਦੇ ਦੇਖੇ ਜਾ ਸਕਦੇ ਹਨ। ਇਹੀ ਨਹੀਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਲਗਜ਼ਰੀ ਕਾਰਾਂ ਵਿੱਚ ਬੈਠੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਸਿਗਰਟਾਂ ਪੀਂਦੇ ਨਜ਼ਰ ਆਉਂਦੇ ਹਨ। ਈ-ਸਿਗਰਟ ਦਾ ਰੁਝਾਨ ਕਾਫੀ ਹੈ।
(ਬਾਕਸ ਆਈਟਮ)
ਮੁਹਾਲੀ ਅਦਾਲਤ ਦੇ ਬਾਹਰ ਸੜਕ ਕਿਨਾਰੇ ਇੱਕ ਚਾਹ ਦੀ ਆਰਜ਼ੀ ਦੁਕਾਨ ’ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਸੇਵ ਸਿੰਘ ਹਰਪਾਲਪੁਰ ਆਪਣੇ ਦੋਸਤਾਂ ਨਾਲ ਚਾਹ ਪੀਣ ਲਈ ਰੁਕੇ ਸਨ। ਉੱਥੇ ਇੱਕ ਵਕੀਲ ਸ਼ਰ੍ਹੇਆਮ ਸਿਗਰਟ ਦੇ ਕੱਸ ਲਗਾਉਂਦੇ ਹੋਏ ਧੂੰਆਂ ਉੱਡਾ ਰਿਹਾ ਸੀ। ਜਿਸ ਕਾਰਨ ਸਿੱਖ ਆਗੂ ਥੋੜ੍ਹਾ ਹੱਟ ਕੇ ਖੜੇ ਹੋ ਗਏ ਲੇਕਿਨ ਏਨੇ ਵਕੀਲ ਸਿਗਰਟ ਪੀਂਦੇ ਹੋਏ ਜਿਸ ਭਾਂਡੇ ਵਿੱਚ ਚਾਹ ਬਣ ਰਹੀ ਸੀ, ਉਸ ਦੇ ਨੇੜੇ ਆ ਕੇ ਖੜ ਗਿਆ। ਜਿਸ ਦਾ ਸਿੱਖ ਆਗੂਆਂ ਨੇ ਕਾਫੀ ਬੁਰਾ ਮਨਾਇਆ ਹਾਲਾਂਕਿ ਵਕੀਲ ਥੋੜ੍ਹਾ ਪਿੱਛੇ ਹਟ ਗਿਆ ਪ੍ਰੰਤੂ ਉਸ ਨੇ ਸਿਗਰਟ ਪੀਣੀ ਨਹੀਂ ਛੱਡੀ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕਿਹਾ ਕਿ ਮੁਹਾਲੀ ਵਿੱਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਦੇ ਮੁਕਾਬਲੇ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਮਾਰਕੀਟਾਂ ਵਿੱਚ ਦੁਕਾਨਾਂ ਅਤੇ ਫੜੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ। ਤੰਬਾਕੂ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਆਰਪੀ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਿਕਰੀ ਅਤੇ ਸਿਗਰਟਨੋਸ਼ੀ ਕਾਨੂੰਨੀ ਜੁਰਮ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਜੁਰਮਾਨੇ ਵੀ ਵਸੂਲੇ ਜਾਂਦੇ ਹਨ ਅਤੇ ਲਿਖਤੀ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਖ਼ਤੀ ਵਰਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…