Nabaz-e-punjab.com

ਬੈਂਕ ਡਕੈਤੀ ਮਾਮਲੇ ਵਿੱਚ ਵਕੀਲ ਨੂੰ ਸੱਤ ਸਾਲ ਦੀ ਕੈਦ ਤੇ 45 ਹਜ਼ਾਰ ਰੁਪਏ ਜੁਰਮਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਮੁਹਾਲੀ ਅਦਾਲਤ ਨੇ ਦਿਨ ਦਿਹਾੜੇ ਬੈਂਕ ਲੁੱਟਣ ਦੇ ਕਰੀਬ 2 ਸਾਲ ਪੁਰਾਣੇ ਮਾਮਲੇ ਦਾ ਨਿਬੇੜਾ ਕਰਦਿਆਂ ਇਸ ਮਾਮਲੇ ਵਿੱਚ ਨਾਮਜ਼ਦ ਵਕੀਲ ਮਨਜਿੰਦਰ ਸਿੰਘ ਵਾਸੀ ਜ਼ੀਰਾ ਨੂੰ ਦੋਸ਼ੀ ਕਰਾਰ ਦਿੰਦਿਆਂ ਸੱਤ ਸਾਲ ਦੀ ਕੈਦ ਅਤੇ 45 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਵਾਈ ਗਈ ਹੈ। ਦੋਸ਼ੀ ਵਕੀਲ ਨੇ ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਦੇ ਸ਼ੋਅਰੂਮਾਂ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚ 25 ਜੁਲਾਈ 2017 ਨੂੰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕੁਝ ਹੀ ਘੰਟਿਆਂ ਬਾਅਦ ਕੇਸ ਨੂੰ ਸੁਲਝਾਉਂਦਿਆਂ ਵਕੀਲ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਬੈਂਕ ’ਚੋਂ ਲੁੱਟੇ 7 ਲੱਖ 67 ਹਜ਼ਾਰ 500 ਰੁਪਏ ਵੀ ਬਰਾਮਦ ਕੀਤੇ ਗਏ ਸਨ। ਇਸ ਸਬੰਧੀ ਬੈਂਕ ਦੇ ਸਹਾਇਕ ਮੈਨੇਜਰ ਗੁਰਸ਼ਰਨ ਸਿੰਘ ਦੀ ਸ਼ਿਕਾਇਤ ’ਤੇ ਫੇਜ਼-1 ਥਾਣੇ ਵਿੱਚ ਲੁੱਟ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੈਡਮ ਗਰੀਸ ਦੀ ਅਦਾਲਤ ਵਿੱਚ ਚਲ ਰਹੀ ਸੀ।
ਅੱਜ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਮਹਿਲਾ ਜੱਜ ਨੇ ਮੁਹਾਲੀ ਪੁਲੀਸ ਵੱਲੋਂ ਬੈਂਕ ਲੁੱਟਣ ਸਬੰਧੀ ਪੇਸ਼ ਕੀਤੇ ਠੋਸ ਸਬੂਤ ਅਤੇ ਉਪ ਜ਼ਿਲ੍ਹਾ ਅਟਾਰਨੀ ਸਤਨਾਮ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਕੀਲ ਮਨਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 7 ਸਾਲ ਦੀ ਕੈਦ ਅਤੇ 45 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਵਾਈ ਗਈ। ਪੁਲੀਸ ਅਨੁਸਾਰ ਦੋਸ਼ੀ ਵਕੀਲ ਕੁਝ ਸਮੇਂ ਤੋਂ ਸੰਨੀ ਇਨਕਲੇਵ ਖਰੜ ਵਿੱਚ ਰਹਿ ਰਿਹਾ ਸੀ। ਪੁਲੀਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਦੋਸ਼ੀ ਦੀ ਵੌਕਸ ਵੈਗਨ ਜੈਟਾ ਕਾਰ ਨਾਰਥ ਕੰਟਰੀ ਮਾਲ ਦੇ ਪਿਛਲੇ ਪਾਸਿਓਂ ਬਰਾਮਦ ਕੀਤੀ ਸੀ ਅਤੇ ਦੋਸ਼ੀ ਕੋਲੋਂ .32 ਬੋਰ ਦਾ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਸੀ। ਜਿਸ ਨੂੰ ਬੈਂਕ ਲੁੱਟਣ ਲਈ ਵਰਤਿਆ ਗਿਆ ਸੀ।
(ਬਾਕਸ ਆਈਟਮ)
ਪੁਲੀਸ ਅਨੁਸਾਰ ਦੋਸ਼ੀ ਵਕੀਲ ਦਾ ਲੁੱਟ ਦੀ ਵਾਰਦਾਤ ਤੋਂ 7 ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਦੋਸ਼ੀ ਵਕੀਲ ਦੇ ਨਸ਼ੇ ਕਰਨ ਦਾ ਵੀ ਆਦੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ ਅਤੇ ਦੋਸ਼ੀ ਕੋਲੋਂ ਨਸ਼ੇ ਦੇ ਕੈਪਸੂਲ ਅਤੇ ਟੀਕੇ ਬਰਾਮਦ ਹੋਏ ਸੀ। ਦੋਸ਼ੀ ਨੇ ਮੀਡੀਆ ਸਾਹਮਣੇ ਮੰਨਿਆਂ ਕਿ ਉਸ ਦੇ ਸਿਰ ਕਰਜ਼ਾ ਚੜ੍ਹਿਆ ਹੋਣ ਕਾਰਨ ਬੈਂਕ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਇਸ ਸਬੰਧੀ ਉਹ ਕਾਫੀ ਦਿਨਾਂ ਤੋਂ ਰੈਕੀ ਕਰ ਰਿਹਾ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…