Nabaz-e-punjab.com

ਸਰਕਾਰੀ ਕਰਜ਼ਾ ਸਕੀਮਾਂ ਸਬੰਧੀ ਬੈਂਕਾਂ ਦੀ ਢਿੱਲ ਮੱਠ ਕਾਰਗੁਜ਼ਾਰੀ ਨਹੀਂ ਹੋਵੇਗੀ ਬਰਦਾਸ਼ਤ: ਡੀਸੀ

6876.53 ਕਰੋੜ ਰੁਪਏ ਦਾ ਪੋਟੈਂਸ਼ੀਅਲ ਲਿੰਕਡ ਪਲੈਨ (ਪੀਐਲਪੀ) ਕੀਤਾ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਸਰਕਾਰੀ ਕਰਜ਼ਾ ਸਕੀਮਾਂ ਸਬੰਧੀ ਬੈਂਕਾਂ ਦੀ ਕਾਰਗੁਜ਼ਾਰੀ ਕਾਫੀ ਢਿੱਲੀ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਰਕਾਰੀ ਕਰਜ਼ਾ ਸਕੀਮਾਂ ਦਾ ਪੂਰਨ ਲਾਭ ਨਹੀਂ ਮਿਲਿਆ। ਅਜਿਹੀ ਢਿੱਲ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬੈਂਕਾਂ ਦੀ ਢਿੱਲੀ ਕਾਰਗੁਜ਼ਾਰੀ ਸਬੰਧੀ ਵਿੱਤ ਮੰਤਰਾਲੇ ਅਤੇ ਆਰ.ਬੀ.ਆਈ. ਚਿੱਠੀਆਂ ਭੇਜੀਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹਾ ਪੱਧਰੀ ਕੰਸਲਟੇਟਿਵ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੈਂਕਾਂ ਰਾਹੀਂ ਮਿਲਣ ਵਾਲੀਆਂ ਸੁਵਿਧਾਵਾਂ ਪ੍ਰਤੀ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਪਿੰਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾਏ ਜਾਣ ਅਤੇ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਧੰਦੇ ਅਪਨਾਉਣ ਲਈ ਜਾਗਰੂਕ ਕੀਤਾ ਜਾਵੇ ਅਤੇ ਕੰਮ ਕਾਜ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਏ ਜਾਣ।
ਇਸ ਮੌਕੇ ਡੀਸੀ ਵੱਲੋਂ 6876.53 ਕਰੋੜ ਰੁਪਏ ਦਾ ਪੋਟੈਂਸ਼ੀਅਲ ਲਿੰਕਡ ਪਲੈਨ (ਪੀ.ਐਲ.ਪੀ) 2019-20 ਵੀ ਲਾਂਚ ਕੀਤਾ ਗਿਆ। ਉਨ੍ਹਾਂ ਆਖਿਆ ਕਿ ਅਜੋਕੇ ਯੁੱਗ ਵਿਚ ਬੈਂਕਾਂ ਦਾ ਮਹੱਤਵਪੂਰਨ ਰੋਲ ਹੈ ਅਤੇ ਬੈਂਕਾਂ ਰਾਹੀਂ ਲੋਕ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਆਰਸੈਟੀ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਵੈ ਰੁਜ਼ਗਾਰ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਨੁਮਾਇੰਦਿਆਂ ਨੂੰ ਹਦਾਇਤਾਂ ਦਿੱਤੀਆਂ ਕਿ ਜ਼ਿਲ੍ਹੇ ਵਿਚਲੇ ਸਾਰੇ ਬੈਂਕ ਘੱਟੋ-ਘੱਟ ਦੋ-ਦੋ ਫਾਇਨਾਂਸ਼ਿਅਲ ਲਿਟਰੇਸੀ ਸੈਂਟਰ ਸਥਾਪਤ ਕਰਨ, ਜਿਸ ਨਾਲ ਇੱਕ ਪਾਸੇ ਰੁਜ਼ਗਾਰ ਉਤਪਤੀ ਹੋਵੇਗੀ ਅਤੇ ਦੂਜੇ ਪਾਸੇ ਲੋਕਾਂ ਨੂੰ ਬੈਂਕ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇਗਾ। ਡਿਪਟੀ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸੈੱਲਪ ਹੈੱਲਪ ਗਰੁੱਪਾਂ ਸਬੰਧੀ ਟੀਚਿਆਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ ਤੇ ਇਸ ਸਬੰਧੀ ਵੱਖਰੇ ਤੌਰ ਉਤੇ ਮੁਲਾਂਕਣ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਪਿਛਲੇ ਪੈਂਡਿੰਗ ਕੇਸ 30 ਜਨਵਰੀ ਤੱਕ ਮੁਕੰਮਲ ਕੀਤੇ ਜਾਣ ਅਤੇ ਮਹੀਨਾ ਵਾਈਜ਼ ਪੈਂਡਿੰਗ ਕੇਸਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ।
ਇਸ ਮੌਕੇ ਬੈਂਕ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਮਿੱਥੇ ਟਿਚਿਆਂ ਨੂੰ 100 ਫੀਸਦੀ ਮੁਕੰਮਲ ਕਰਨ ਨੂੰ ਯਕੀਨੀ ਬਣਾਉਣਗੇ। ਚੀਫ ਲੀਡ ਬੈਂਕ ਮੈਨੇਜਰ ਦਰਸ਼ਨ ਸੰਧੂ ਨੇ ਦੱਸਿਆ ਕਿ ਆਰਸੈਟੀ ਰਾਹੀਂ ਸਵੈ ਰੁਜ਼ਗਾਰ ਕਿੱਤਿਆਂ ਦੀ ਸਿਖਲਾਈ ਦੇਣ ਲਈ ਕੈਂਪ ਲਗਾਏ ਗਏ। ਮੀਟਿੰਗ ਵਿੱਚ… ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਸਰਕਲ ਹੈੱਡ ਪੀ.ਐਨ.ਬੀ. ਪਟਿਆਲਾ , ਏ.ਜੀ.ਐਮ. ਆਰ.ਬੀ.ਆਈ., ਡੀ.ਡੀ.ਐਮ. ਨਬਾਰਡ ਸੰਜੀਵ ਕੁਮਾਰ ਸ਼ਰਮਾ, ਸਤੀਸ਼ ਕੁਮਾਰ ਰਾਣਾ ਸਮੇਤ ਵੱਖ ਵੱਖ ਬੈਂਕਾਂ ਦੇ ਨੁਮਾਇੰਦੇ ਤੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Banks

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…