Nabaz-e-punjab.com

ਬੀਰਦਵਿੰਦਰ ਸਿੰਘ ਦੇ ਸਮਰਥਕਾਂ ਵੱਲੋਂ ਮੁਹਾਲੀ ਸਮੇਤ ਸਮੁੱਚੇ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਕੀਤਾ ਵਿਸ਼ਾਲ ਸ਼ਕਤੀ ਪ੍ਰਦਰਸ਼ਨ

ਬੀਰਦਵਿੰਦਰ ਸਿੰਘ ਦੇ ਰੋਡ ਸ਼ੋਅ ਨੇ ਵਿਰੋਧੀ ਉਮੀਦਵਾਰਾਂ ਦੇ ਹੋਸ ਉਡਾਏ

ਚੋਣ ਕਮਿਸ਼ਨ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਬੀਰਦਵਿੰਦਰ ਦੀ ਹਰੇਕ ਗਤੀਵਿਧੀ ’ਤੇ ਰੱਖੀ ਜਾ ਰਹੀ ਹੈ ਤਿੱਖੀ ਨਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਅਤੇ ਸਾਹਿਬ ਸਿੰਘ ਬਡਾਲੀ ਵੱਲੋਂ ਸਾਬਕਾ ਡਿਪਟੀ ਸਪੀਕਰ ਅਤੇ ਪਾਰਟੀ ਉਮੀਦਵਾਰ ਬੀਰਦਵਿੰਦਰ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕੱਢ ਕੇ ਵਿਸ਼ਾਲ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਨੇ ਵਿਰੋਧੀ ਉਮੀਦਵਾਰਾਂ ਦੇ ਹੋਸ ਉੱਡਾ ਦਿੱਤੇ ਹਨ ਅਤੇ ਚੋਣ ਕਮਿਸ਼ਨ ਸਮੇਤ ਖ਼ੁਫ਼ੀਆ ਏਜੰਸੀਆਂ ਵੱਲੋਂ ਬੀਰਦਵਿੰਦਰ ਦੀ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਹੁਕਮਰਾਨ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਗੱਠਜੋੜ ’ਤੇ ਤਿੱਖੇ ਹਮਲੇ
ਕਰਦਿਆਂ ਕਿਹਾ ਕਿ ਇਹ ਪਾਰਟੀਆਂ ਆਪਸ ਵਿੱਚ ਮਿਲ ਕੇ ਪੰਜਾਬ ਵਿੱਚ ਗੰਧਲੀ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਅਕਾਲੀ ਸਰਕਾਰ ’ਤੇ ਇਹ ਦੋਸ਼ ਲਗਾਉਂਦੇ ਰਹੇ ਹਨ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਧੜੱਲੇ ਨਾਲ ਚਲ ਰਿਹਾ ਹੈ ਪ੍ਰੰਤੂ ਸੱਤਾ ਪਰਿਵਰਤਨ ਤੋਂ ਬਾਅਦ ਇਹ ਗੋਰਖਧੰਦਾ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਵਧ ਗਿਆ ਹੈ, ਪ੍ਰੰਤੂ ਹੁਣ ਅਕਾਲੀ ਬਿਲਕੁਲ ਚੁੱਪ ਹਨ। ਇਹੀ ਨਹੀਂ ਪਿੰਡ ਬਰਗਾੜੀ ਸਮੇਤ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਵੀ ਸਾਰੀਆਂ ਧਿਰਾਂ ਨੇ ਚੁੱਪ ਧਾਰ ਲਈ ਹੈ। ਇਸ ਤੋਂ ਸਾਫ਼ ਜਾਹਰ ਹੈ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਹਨ। ਜਿਸ ਕਾਰਨ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕ ਖੁੱਲ੍ਹੇ ਘੁੰਮ ਰਹੇ ਹਨ ਅਤੇ 35 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਨਵੰਬਰ 84 ਸਿੱਖ ਕਤਲੇਆਮ ਦੇ ਪੀੜਤਾਂ ਦੇ ਜ਼ਖ਼ਮ ਅੱਲੇ ਹਨ।
ਬੀਰਦਵਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਘਰ ਘਰ ਰੁਜ਼ਗਾਰ ਦੇਣ ਦਾ ਝੂਠਾ ਵਾਅਦਾ ਕਰ ਕੇ ਨੌਜਵਾਨ ਵਰਗ ਨਾਲ ਧ੍ਰੋਹ ਕਮਾਇਆ ਹੈ ਅਤੇ ਮੌਜੂਦਾ ਸਮੇਂ ਵਿੱਚ ਬੇਰੁਜ਼ਗਾਰ ਦੀ ਸਮੱਸਿਆ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਦਿਨ ਪ੍ਰਤੀ ਪਤਲੀ ਹੁੰਦੀ ਜਾ ਰਹੀ ਹੈ। ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਪਏ ਹਨ।
ਟਕਸਾਲੀ ਦਲ ਯੂਥ ਵਿੰਗ ਦੇ ਦਫ਼ਤਰ ਸਕੱਤਰ ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਰੋਡ ਸ਼ੋਅ ਅੱਜ ਸਵੇਰੇ ਇੱਥੋਂ ਦੇ ਫੇਜ਼-11 ਤੋਂ ਸ਼ੁਰੂ ਹੋਇਆ। ਜੋ ਫੇਜ਼-10, ਫੇਜ਼-9, ਫੇਜ਼-7 ਤੋਂ ਬਾਅਦ ਫੇਜ਼-3ਬੀ1, ਫੇਜ਼-3ਬੀ2, ਫੇਜ਼-5, ਫੇਜ਼-4, ਫੇਜ਼-1, ਫੇਜ਼-6, ਸੈਕਟਰ-70, ਸੈਕਟਰ-71 ਤੋਂ ਪਿੰਡ ਸੋਹਾਣਾ, ਲਖਨੌਰ, ਲਾਂਡਰਾਂ, ਖਰੜ, ਕੁਰਾਲੀ, ਮੋਰਿੰਡਾ, ਵਾਇਆ ਕਾਈਨੌਰ ਬੂਰਮਾਜਰਾ ਹੁੰਦਾ ਹੋਇਆ ਚਮਕੌਰ ਸਾਹਿਬ, ਰੂਪਨਗਰ, ਘਨੌਲੀ, ਕੀਰਤਪੁਰ ਸਾਹਿਬ ਹੁੰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪਹੁੰਚ ਕੇ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੇ ਰੋਡ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਬੀਰਦਵਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…