nabaz-e-punjab.com

ਬਰਗਾੜੀ ਬੇਅਦਬੀ ਮਾਮਲੇ ਵਿੱਚ ਡੇਰਾ ਮੁਖੀ ਸਮੇਤ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ: ਐਸਆਈਟੀ ਮੁਖੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਜੁਲਾਈ:
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਸਬੰਧੀ ਕੇਸਾਂ ਦੀ ਜਾਂਚ ਸਹੀ ਦਿਸ਼ਾ ਵੱਲ ਵੱਧ ਰਹੀ ਹੈ, ਇਸ ਗੱਲ ‘ਤੇ ਜ਼ੋਰ ਦਿੰਦਿਆਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਦੇ ਮੁਖੀ ਐਸਪੀਐਸ ਪਰਮਾਰ ਨੇ ਸੋਸ਼ਲ ਮੀਡੀਆ ਦੇ ਗਲ਼ਤ ਪ੍ਰਾਪਾਗੰਡੇ ਨੂੰ ਨਕਾਰਦਿਆਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਾਂ ਕਿਸੇ ਹੋਰ ਵਿਅਕਤੀ ਨੂੰ ਕਲੀਨ ਚਿੱਟ ਦੇਣ ਤੋਂ ਇਨਕਾਰ ਕੀਤਾ ਹੈ। ਮੀਡੀਆ ਵਿੱਚ ਵੱਖ-ਵੱਖ ਸਮੂਹਾਂ/ਵਿਅਕਤੀਆਂ ਦੀਆਂ ਟਿੱਪਣੀਆਂ ‘ਤੇ ਪ੍ਰਤੀਕਰਮ ਦਿੰਦਿਆਂ ਐਸ.ਆਈ.ਟੀ. ਮੁਖੀ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਜੇਕਰ ਚੱਲ ਰਹੀ ਜਾਂਚ ਦੌਰਾਨ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਵਿਰੁੱਧ ਸਬੂਤ ਮਿਲਦੇ ਹਨ ਤਾਂ ਅਜਿਹੇ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਪਰਮਾਰ ਨੇ ਦੱਸਿਆ ਕਿ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਨਾਲ ਸਬੰਧਤ ਤਿੰਨ ਮਾਮਲਿਆਂ ਦੀ ਜਾਂਚ ਅਜੇ ਵੀ ਚੱਲ ਰਹੀ ਹੈ। ਥਾਣਾ ਬਾਜਾਖਾਨਾ ਵਿਖੇ ਦਰਜ ਐਫਆਈਆਰ ਨੰ. 128/2015 ਦੇ ਚਲਾਨ ਅਨੁਸਾਰ, ਇਹ ਸਪੱਸ਼ਟ ਤੌਰ ‘ਤੇ ਦਰਸਾਇਆ ਗਿਆ ਹੈ ਕਿ ਜੇਕਰ ਬੇਅਦਬੀ ਸਬੰਧੀ ਕੇਸਾਂ ਲਈ ਚੱਲ ਰਹੀ ਜਾਂਚ ਦੌਰਾਨ ਕਿਸੇ ਦੇ ਵਿਰੁੱਧ ਕੋਈ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਸ ਵਿਰੁੱਧ ਪੂਰਕ ਚਲਾਨ ਪੇਸ਼ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਹ ਜਾਂਚ ਮੌਜੂਦਾ ਐਸਆਈਟੀ ਨੇ ਫਰਵਰੀ 2021 ਦੇ ਅੰਤ ਵਿੱਚ ਦਾਇਰ ਕੀਤੇ ਕੇਸ ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ ਸ਼ੁਰੂ ਕੀਤੀ ਸੀ।
ਇਸ ਭਾਵਨਾਤਮਕ ਮਾਮਲੇ ਸੰਬੰਧੀ ਗਲ਼ਤ ਅਤੇ ਗੈਰ-ਜ਼ਿੰਮੇਵਾਰਾਨਾ ਜਾਣਕਾਰੀ ਫੈਲਾਉਣ ਖਿਲਾਫ਼ ਸਾਵਧਾਨ ਕਰਦਿਆਂ ਐਸਆਈਟੀ ਚੀਫ਼ ਨੇ ਮੀਡੀਆ ਅਤੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਬਿਨ੍ਹਾਂ ਪੁਸ਼ਟੀ ਵਾਲੀ ਰਿਪੋਰਟ ਨੂੰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਜਾਂ ਕਿਸੇ ਵਿਰੁੱਧ ਕੋਈ ਗੈਰ-ਅਧਿਕਾਰਤ ਦੋਸ਼ ਲਗਾਉਣ ਤੋਂ ਪਹਿਲਾਂ ਸੰਜਮ ਦੀ ਵਰਤੋਂ ਕਰਨ।
ਸ੍ਰੀ ਪਰਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਥਾਣਾ ਬਾਜਾਖਾਨਾ ਦੀ ਐਫਆਈਆਰ ਨੰਬਰ 63/2015 ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਉਹਨਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਵੀ ਉਕਤ ਐਸਆਈਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਬੇਅਦਬੀ ਸਬੰਧੀ ਕੇਸਾਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਐਸਆਈਟੀ ਨੇ ਪਿਛਲੇ ਸ਼ੁੱਕਰਵਾਰ ਨੂੰ ਜੇਐਮਆਈਸੀ ਫ਼ਰੀਦਕੋਟ ਦੀ ਅਦਾਲਤ ਵਿੱਚ ਐਫਆਈਆਰ 128/2015 ਦੇ ਤਹਿਤ ਬੇਅਦਬੀ ਦੇ ਇੱਕ ਕੇਸ ਵਿੱਚ ਪਹਿਲਾ ਚਲਾਨ ਪੇਸ਼ ਕੀਤਾ ਸੀ ਅਤੇ ਇਸ ਸਬੰਧੀ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਕੇਸ ਦੀ ਅਗਲੀ ਸੁਣਵਾਈ 20 ਜੁਲਾਈ ਲਈ ਨਿਰਧਾਰਤ ਕੀਤੀ ਗਈ ਹੈ।
ਇਹਨਾਂ ਛੇ ਮੁਲਜ਼ਮਾਂ ਵਿੱਚ ਸੁਖਜਿੰਦਰ ਸਿੰਘ ਉਰਫ ਸੰਨੀ, ਸ਼ਕਤੀ ਸਿੰਘ, ਬਲਜੀਤ ਸਿੰਘ, ਨਿਸ਼ਾਨ ਸਿੰਘ, ਰਣਜੀਤ ਸਿੰਘ ਉਰਫ ਭੋਲਾ ਅਤੇ ਪਰਦੀਪ ਸਿੰਘ ਸ਼ਾਮਲ ਹਨ, ਜਿਹਨਾਂ ਨੂੰ 16.05.2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਸਆਈਟੀ ਦੁਆਰਾ ਕੀਤੀ ਗਈ ਜਾਂਚ ਅਨੁਸਾਰ, ਇਹ ਸਾਰੇ ਮੁੱਖ ਤੌਰ ‘ਤੇ ਜੁਰਮ ਵਿੱਚ ਸ਼ਾਮਲ ਸਨ।
ਤਿੰਨ ਹੋਰ ਮੁਲਜ਼ਮ ਹਰਸ਼ ਧੂਰੀ, ਸੰਦੀਪ ਬਰੇਟਾ ਅਤੇ ਪਰਦੀਪ ਕਲੇਰ ਪਹਿਲਾਂ ਹੀ ਥਾਣਾ ਬਾਜਾਖਾਨਾ ਵਿਖੇ ਦਰਜ ਐਫਆਈਆਰ ਨੰਬਰ 63 ਮਿਤੀ 2.06.2015 ਨੂੰ ਆਈਪੀਸੀ ਦੀ ਧਾਰਾ 380, 295-ਏ, 414, 451, 201, 120-ਬੀ ਵਿੱਚ ਭਗੌੜੇ ਹਨ। ਇਹ ਮੁਲਜ਼ਮ ਗ੍ਰਿਫਤਾਰੀ ਤੋਂ ਬੱਚ ਰਹੇ ਹਨ ਅਤੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਜ਼ਰੂਰਤ ਹੈ। ਇਹਨਾਂ ਦੀ ਗ੍ਰਿਫਤਾਰੀ ਨਾਲ ਪੂਰੀ ਸਾਜਿਸ਼ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਹੈ। ਐਸਆਈਟੀ ਦੇ ਮੁਖੀ ਨੇ ਅੱਗੇ ਕਿਹਾ ਕਿ ਅਗਲੇਰੀ ਜਾਂਚ ਦੌਰਾਨ ਹੋਰ ਮੁਲਜ਼ਮਾਂ ਦੀ ਭੂਮਿਕਾ ਵੀ ਸਪੱਸ਼ਟ ਹੋ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …