
ਬੜਮਾਜਰਾ ਕਤਲ ਕਾਂਡ: ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ, ਨਹੀਂ ਮਿਲਿਆ ਕੋਈ ਠੋਸ ਸੁਰਾਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਇੱਥੋਂ ਦੇ ਨਜ਼ਦੀਕੀ ਪਿੰਡ ਬੜਮਾਜਰਾ ਵਿੱਚ ਪੇਂਟਰ ਸੰਜੇ ਯਾਦਵ (35) ਦੇ ਕਤਲ ਸਬੰਧੀ ਬਲੌਂਗੀ ਪੁਲੀਸ ਨੂੰ ਅੱਜ ਦੂਜੇ ਦਿਨ ਵੀ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ ਅਤੇ ਸਾਰੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਰਕਾਰੀ ਹਸਪਤਾਲ ਫੇਜ਼-6 ਵਿੱਚ ਸੋਮਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕੀਤਾ ਗਿਆ। ਪੋਸਟ ਮਾਰਟਮ ਰਿਪੋਰਟ ਅਨੁਸਾਰ ਪੇਂਟਰ ਦੀ ਮੌਤ ਸਿਰ ਦੀ ਖੋਪੜੀ ਵਿੱਚ ਡੂੰਘੀ ਸੱਟ ਲੱਗਣ ਅਤੇ ਪੱਟ ਦੀ ਨੱਸ ਕੱਟੇ ਜਾਣ ਹੋਈ ਹੈ। ਇਸ ਗੱਲ ਦਾ ਖੁਲਾਸਾ ਕਰਦਿਆਂ ਫੋਰੈਂਸਿਕ ਮਾਹਰ ਡਾ. ਚਰਨਕੰਵਲ ਸਿੰਘ ਲੱਧੜ ਨੇ ਦੱਸਿਆ ਕਿ ਸੰਜੇ ਦੀ ਸਿਰ ਦੀ ਖੋਪੜੀ ਵਿੱਚ ਕਾਫੀ ਡੂੰਘੀ ਸੱਟ ਦੇ ਨਿਸ਼ਾਨ ਮਿਲੇ ਹਨ ਅਤੇ ਉਸ ਦੇ ਪੱਟ ਦੀ ਇਕ ਅਹਿਮ ਨੱਸ ਵੀ ਕੱਟੀ ਹੋਈ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰ ਲੱਧੜ ਦੇ ਦੱਸਣ ਅਨੁਸਾਰ ਸੰਜੇ ਦੇ ਸਰੀਰ ’ਚੋਂ ਲਗਭਗ ਸਾਰਾ ਖੂਨ ਵਹਿ ਚੁੱਕਾ ਸੀ ਅਤੇ ਉਂਜ ਵੀ ਸਿਹਤ ਪੱਖੋਂ ਉਹ ਕਾਫੀ ਕਮਜ਼ੋਰ ਸੀ।
ਬਲੌਂਗੀ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਜਾਣਕਾਰੀ ਅਨੁਸਾਰ ਸਨਿਚਰਵਾਰ ਦੀ ਰਾਤ ਨੂੰ ਪੇਂਟਰ ਸੰਜੇ ਯਾਦਵ ਦੇ ਘਰ ਨੇੜੇ ਤਿੰਨ ਵਿਅਕਤੀ ਗਲੀ ਪਿਸ਼ਾਬ ਕਰ ਰਹੇ ਸੀ। ਪੇਂਟਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਯਤਨ ਕੀਤਾ ਤਾਂ ਨਸ਼ੇ ਵਿੱਚ ਟੱਲੀ ਵਿਅਕਤੀ ਉਸ ਨਾਲ ਝਗੜਾ ਕਰਨ ਲੱਗ ਪਏ ਅਤੇ ਬਾਅਦ ਉਨ੍ਹਾਂ ਨੇ ਆਪਣੇ ਹੋਰ ਸਾਥੀ ਵੀ ਉੱਥੇ ਸੱਦ ਲਏ। ਜਿਨ੍ਹਾਂ ਨੇ ਮਿਲ ਕੇ ਪੇਂਟਰ ਦਾ ਚਾਕੂ ਅਤੇ ਇੱਟਾਂ ਮਾਰ ਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੰਜੇ ਦੀ ਪਤਨੀ ਉਰਮਿਲਾ ਦੇਵੀ ਨੇ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਪਿੱਛੋਂ ਗੋਰਖਪੁਰ (ਯੂਪੀ) ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਆਪਣੀ ਪਤਨੀ ਅਤੇ ਛੇ ਸਾਲ ਦੀ ਬੇਟੀ ਨਾਲ ਬੜਮਾਜਰਾ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ।