ਬੇਸਮੈਂਟ ਦੀ ਖੁਦਾਈ ਮਾਮਲਾ: ਕੰਪਨੀ ਮਾਲਕ, ਠੇਕੇਦਾਰਾਂ ਤੇ ਤਕਨੀਕੀ ਸਟਾਫ਼ ਵਿਰੁੱਧ ਪਰਚਾ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂਨ:
ਮੁਹਾਲੀ ਦੇ ਸੈਕਟਰ-83 ਸਥਿਤ ਆਈਟੀ ਸਿਟੀ ਵਿੱਚ ਬੇਸਮੈਂਟ ਦੀ ਖੁਦਾਈ ਸਮੇਂ ਗੁਆਂਢੀ ਕੰਪਨੀ ਦੀ ਪਾਰਕਿੰਗ ਵਾਲਾ ਏਰੀਆ ਬੁਰੀ ਤਰ੍ਹਾਂ ਢਹਿ-ਢੇਰੀ ਹੋਣ ਸਬੰਧੀ ਸੋਹਾਣਾ ਥਾਣੇ ਵਿੱਚ ਬੇਸਮੈਂਟ ਦੀ ਉਸਾਰੀ ਕਰਵਾ ਰਹੀ ਕੰਪਨੀ ਦੇ ਮਾਲਕ, ਉਸਾਰੀ ਠੇਕੇਦਾਰ, ਸ਼ਟਰਿੰਗ ਠੇਕੇਦਾਰ ਅਤੇ ਪ੍ਰਾਜੈਕਟ ਨਾਲ ਜੁੜੇ ਹੋਰਨਾਂ ਤਕਨੀਕੀ ਸਟਾਫ਼ ਦੇ ਖ਼ਿਲਾਫ਼ ਧਾਰਾ 336, 287, 288, 427 ਦੇ ਤਹਿਤ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਪੁਲੀਸ ਵੱਲੋਂ ਬੇਸਮੈਂਟ ਦੀ ਖੁਦਾਈ ਲਈ ਪੁੱਟੀ ਗਈ ਥਾਂ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਬੇਸਮੈਂਟ ਦੀ ਉਸਾਰੀ ਕਾਰਨ ਧਸੀ ਜ਼ਮੀਨ ਦੇ ਖੱਡੇ ਨੂੰ ਮਿੱਟੀ ਸੁੱਟ ਕੇ ਭਰਨ ਦਾ ਕੰਮ ਕਰ ਦਿੱਤਾ ਹੈ।
ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਗਮਾਡਾ ਨੂੰ ਪੱਤਰ ਲਿਖ ਕੇ ਇਹ ਜਾਣਕਾਰੀ ਮੰਗੀ ਗਈ ਹੈ ਕਿ ਬੇਸਮੈਂਟ ਦੀ ਖੁਦਾਈ ਕਰਨ ਵਾਲੀ ਕੰਪਨੀ ਕੋਲ ਵਿਭਾਗੀ ਮਨਜ਼ੂਰੀ ਸੀ ਜਾਂ ਬਿਨਾਂ ਪ੍ਰਵਾਨਗੀ ਤੋਂ ਹੀ ਅਜਿਹਾ ਕੀਤਾ ਜਾ ਰਿਹਾ ਸੀ। ਨਾਲ ਹੀ ਗਮਾਡਾ ਨੂੰ ਇਸ ਮਾਮਲੇ ਦੀ ਡੂੰਘਾਈ ਜਾਂਚ ਕਰਨ ਲਈ ਕਿਹਾ ਗਿਆ ਹੈ। ਪੁਲੀਸ ਨੇ ਇਹ ਵੀ ਪੁੱਛਿਆ ਹੈ ਕਿ ਬੇਸਮੈਂਟ ਕਾਰਨ ਆਸਪਾਸ ਦੀਆਂ ਇਮਾਰਤਾਂ ਨੂੰ ਕਿੰਨਾ ਨੁਕਸਾਨ ਹੋ ਸਕਦਾ ਹੈ ਅਤੇ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਾਲ ਲੱਗਦੀਆਂ ਇਮਾਰਤਾਂ ਵਿੱਚ ਚੱਲ ਰਹੇ ਦਫ਼ਤਰਾਂ ਦੇ ਪ੍ਰਬੰਧਕਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪਣੇ ਇੰਜੀਨੀਅਰਾਂ ਤੋਂ ਇਮਾਰਤਾਂ ਦੇ ਸੁਰੱਖਿਅਤ ਹੋਣ ਬਾਰੇ ਪੁਖ਼ਤਾ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਉਕਤ ਇਮਾਰਤ ਵਿੱਚ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਕੋਈ ਵੱਡਾ ਦੁਖਾਂਤ ਵਾਪਰਨ ਤੋਂ ਬਚਾਅ ਹੋ ਸਕੇ।
ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਦਿਨੀਂ ਆਈਟੀ ਸਿਟੀ ਵਿੱਚ ਇੱਕ ਕੰਪਨੀ ਦੀ ਇਮਾਰਤ ਦੀ ਉਸਾਰੀ ਬਾਬਤ ਬੇਸਮੈਂਟ ਦੀ ਡੂੰਘੀ ਖੁਦਾਈ ਕਰਵਾਏ ਜਾਣ ਸਮੇਂ ਨਾਲ ਲੱਗਦੀ ਆਈਟੀ ਕੰਪਨੀ ਦੀ ਪਾਰਕਿੰਗ ਵਾਲਾ ਏਰੀਆ ਢਹਿ-ਢੇਰੀ ਹੋ ਗਿਆ ਸੀ, ਇਸ ਦੌਰਾਨ ਪਾਰਕਿੰਗ ਵਿੱਚ ਖੜੇ ਕਈ ਮੋਟਰ ਸਾਈਕਲ ਅਤੇ ਕਾਰਾਂ ਨੁਕਸਾਨੀਆਂ ਗਈਆਂ ਸਨ।
ਉਧਰ, ਨਾਥ ਓਵਰਸੀਜ਼ ਸਾਲਯੂਸ਼ਨ ਨਾਮ ਦੀ ਕੰਪਨੀ (ਜਿਸ ਦੀ ਪਾਰਕਿੰਗ ਦੇ ਵੱਡੇ ਹਿੱਸੇ ਵਾਲੀ ਜ਼ਮੀਨ ਧਸ ਗਈ ਸੀ) ਵੱਲੋਂ ਆਪਣਾ ਕੰਮ ਚੱਲਦਾ ਰੱਖਣ ਲਈ ਫਿਲਹਾਲ ਆਰਜ਼ੀ ਤੌਰ ’ਤੇ ਕਿਰਾਏ ’ਤੇ ਥਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੰਪਨੀ ਦੇ ਸੀਏ ਸੰਜੈ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੋ ਵੱਖ ਵੱਖ ਥਾਵਾਂ ’ਤੇ ਆਰਜ਼ੀ ਤੌਰ ’ਤੇ ਥਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿੱਥੇ ਕੰਪਿਊਟਰ ਭੇਜੇ ਜਾ ਰਹੇ ਹਨ ਅਤੇ ਨਾਲ ਹੀ ਕਈ ਵਰਕਰਾਂ ਨੂੰ ਆਪਣੇ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੀ ਇਮਾਰਤ ਦੀ ਉਸਾਰੀ ਕਰਨ ਵਾਲੀ ਬਿਲਡਰ ਕੰਪਨੀ ਦੇ ਮਾਹਰਾਂ ਅਤੇ ਇੰਜੀਨੀਅਰ ਵਿੰਗ ਵੱਲੋਂ ਅੱਜ ਦਫ਼ਤਰ ਦੀ ਇਮਾਰਤ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਰਿਪੋਰਟ ਮਿਲਣ ਤੋਂ ਬਾਅਦ ਹੀ ਕੰਪਨੀ ਦੇ ਅਹਾਤੇ ਵਿੱਚ ਦੁਬਾਰਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਹਾਦਸੇ ਕਾਰਨ ਉਸ ਦੀ ਕੰਪਨੀ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਮਜਬੂਰੀ ਵਿੱਚ ਕੰਮ ਚਲਾਉਣ ਲਈ ਉਨ੍ਹਾਂ ਨੂੰ ਕਿਰਾਏ ’ਤੇ ਥਾਂ ਦਾ ਅਰਜ਼ੀ ਪ੍ਰਬੰਧ ਕਰਨਾ ਪਿਆ ਹੈ।

Check Also

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ

ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿਖੇ ‘ਧਰਤੀ ਦਿਵਸ’ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ: ਇੱਥੋਂ ਦੇ ਸੰਤ…