ਝਿਊਰਹੇੜੀ ਮਾਮਲਾ: ਪੰਜਾਬ ਵਿਜੀਲੈਸ ਵੱਲੋਂ ਬੱਸੀ ਪਠਾਣਾ ਦਾ ਤਹਿਸੀਲਦਾਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗਰਾਮ ਪੰਚਾਇਤ ਪਿੰਡ ਝਿਉਰਹੇੜੀ ਦੇ ਨਾਮ ’ਤੇ ਵੱਖ-ਵੱਖ ਥਾਵਾਂ ’ਤੇ 25 ਏਕੜ ਤੋਂ ਵੱਧ ਜ਼ਮੀਨ ਖਰੀਦਣ ਵਿੱਚ ਹੋਈ ਕਰੀਬ 8 ਕਰੋੜ ਰੁਪਏ ਦੀ ਘਪਲੇਬਾਜੀ ਦੀ ਜਾਂਚ ਉਪਰੰਤ ਉਸ ਵੇਲੇ ਬੱਸੀ ਪਠਾਣਾ ਵਿੱਚ ਤਾਇਨਾਤ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਤਹਿਸੀਲਦਾਰ ਢਿੱਲੋਂ ਅੱਜ ਪੁੱਛਗਿੱਛ ਲਈ ਸੱਦਿਆ ਸੀ ਅਤੇ ਇਸ ਦੌਰਾਨ ਜ਼ਮੀਨ ਦੀ ਖਰੀਦੋ ਫਰੋਖ਼ਤ ਦੇ ਮਾਮਲੇ ਵਿੱਚ ਮਿਲੀਭੁਗਤ ਸਾਹਮਣੇ ਆਉਣ ਤੋਂ ਬਾਅਦ ਸ਼ਾਮ ਨੂੰ ਤਹਿਸੀਲਦਾਰ ਦੀ ਗ੍ਰਿਫ਼ਤਾਰੀ ਪਾ ਲਈ।
ਅੱਜ ਇੱਥੇ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਪਿੰਡ ਝਿਉਰਹੇੜੀ ਦੀ ਕਰੀਬ ਪੰਚਾਇਤ ਦੇਹ ਜ਼ਮੀਨ ਖਰੀਦਣ ਵਿਚ ਹੋਈ ਘਪਲੇਬਾਜੀ ਦੀ ਜਾਂਚ ਦੌਰਾਨ ਪਾਇਆ ਗਿਆ ਕਿ ਪਿੰਡ ਕੰਦੀਪੁਰ ਤੇ ਕਰੀਮਪੁਰ ਜਿਲਾ ਫਤਿਹਗੜ੍ਹ ਸਾਹਿਬ ਵਿੱਖੇ ਜਮੀਨ ਦਾ ਕੂਲੇੈਕਟਰ ਰੇਟ 9,77,000/-ਰੁ: ਪ੍ਰਤੀ ਏਕੜ ਸੀ ਜਦਕਿ ਉਸ ਸਮੇਂ ਜਮੀਨ ਦਾ ਮਾਰਕੀਟ ਰੇਟ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਸੀ ਪਰ ਸਰਪੰਚ ਗੁਰਪਾਲ ਸਿੰਘ ਪਿੰਡ ਝਿਊਰਹੇੜੀ ਅਤੇ ਵਿਚੌਲਾ ਮੁਹੰਮਦ ਸੁਹੇਲ ਚੌਹਾਨ ਵਲੋਂ ਇਨ੍ਹਾਂ ਦੋਹਾਂ ਪਿੰਡਾਂ ਦੀ ਜਮੀਨ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਜਾ ਗਈ ਸੀ। ਉਕਤ ਦੋਸ਼ੀਆਂ ਦੀ ਪੜਤਾਲ ਤੋਂ ਇਹ ਸਾਹਮਣੇ ਆਇਆ ਕਿ ਅਪ੍ਰੈਲ 2016 ਨੂੰ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਇਹ ਕਹਿ ਕੇ ਰਜਿਸਟਰੀ ਰੋਕ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਜਮੀਨ ਦਾ ਰੇਟ 20-25 ਲੱਖ ਰੁਪਏ ਤੋਂ ਵੱਧ ਨਹੀਂ ਹੈ ਜਦਕਿ ਉਨ੍ਹਾਂ ਵਲੋਂ 54 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਜਿਸਟਰੀ ਕਿਉਂ ਕਰਵਾ ਰਹੇ ਹੋ। ਇਸ ਤੋਂ ਇਲਾਵਾ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜਮੀਨ ਖਰੀਦਣ ਲਈ ਸਰਕਾਰ ਦੇ ਹੁਕਮਾਂ ਦੀ ਕਾਪੀ ਅਤੇ ਸਰਪੰਚ ਨੂੰ ਜਮੀਨ ਖਰੀਦਣ ਲਈ ਅਧਿਕਾਰਿਤ ਕਰਨ ਵਾਲੇ ਮਤੇ ਦੀ ਕਾਪੀ ਮੰਗੀ।
ਰਜਿਸਟਰੀ ਰੋਕਣ ਤੋਂ ਬਾਅਦ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਪ੍ਰਾਪਰਟੀ ਡੀਲਰ ਬਲਦੇਵ ਸਿੰਘ ਵਾਸੀ ਪਿੰਡ ਵਜੀਦਪੁਰ ਤਹਿ: ਬੱਸੀ ਪਠਾਣਾ ਨੂੰ ਇਸ ਕੇਸ ਵਿਚ ਮਦਦ ਕਰਨ ਲਈ ਕਿਹਾ ਗਿਆ ਜੋ ਕਿ ਪ੍ਰਾਪਰਟੀ ਡੀਲਰ ਹੋਣ ਕਰਕੇ ਪਹਿਲਾਂ ਵੀ ਤਹਿਸੀਲਦਾਰ ਕੁਲਦੀਪ ਸਿੰਘ ਕੋਲ ਕੰਮ ਕਰਵਾਉਣ ਲਈ ਜਾਂਦਾ ਰਹਿੰਦਾ ਸੀ। ਉਨ੍ਹਾਂ ਨੇ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੂੰ ਦੱਸਿਆ ਕਿ ਉਹ ਆਪਣੀ ਸੇਵਾ ਦੱਸੇ ਅਤੇ ਰਜਿਸਟਰੀ ਕਰ ਦੇਵੇ। ਜੋ ਮੁਲਜ਼ਮ ਤਹਿਸੀਲਦਾਰ ਕੁਲਦੀਪ ਸਿੰਘ ਢਿੱਲੋਂ ਨੇ ਜਮੀਨ ਦੀ ਰਜਿਸਟਰੀ ਕਰਨ ਬਦਲੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਮੰਗ ਕੀਤੀ ਅਤੇ ਸੌਦਾ 10 ਲੱਖ ਰੁਪਏ ਵਿੱਚ ਤਹਿ ਹੋ ਗਿਆ ਸੀ। ਜੋ ਕੁਝ ਦੇਰ ਬਾਦ ਸਰਪੰਚ ਗੁਰਪਾਲ ਸਿੰਘ ਅਤੇ ਮੁਹੰਮਦ ਸੁਹੇਲ ਚੌਹਾਨ 10 ਲੱਖ ਰੁਪਏ ਲੈ ਕੇ ਦੋਸ਼ੀ ਦੇ ਦਫਤਰ ਗਏ ਅਤੇ ਦੋਸੀ ਨੇ 10 ਲੱਖ ਰੁਪਏ ਆਪਣੀ ਗੱਡੀ ਵਿੱਚ ਰਖਵਾ ਲਏ ਅਤੇ ਇਨ੍ਹਾਂ ਦੀਆਂ ਰਜਿਸਟਰੀਆਂ ਨੰਬਰ 42 ਅਤੇ 43 ਮਿਤੀ 06.04.2016 ਕਰ ਦਿੱਤੀਆਂ।
ਤਹਿਸੀਲਦਾਰ ਕੁਲਦੀਪ ਸਿੰਘ ਨੇ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਨੁੰ ਆਪਣਾ ਮੋਬਾਇਲ ਨੰਬਰ ਅਤੇ ਘਰ ਦਾ ਪਤਾ ਦੇ ਦਿੱਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਫਿਰ ਕੋਈ ਕੰਮ ਹੋਵੇ ਤਾਂ ਉਹ ਸਿੱਧਾ ਮੇਰੇ ਕੋਲ ਆ ਜਾਣ ਕੋਈ ਵਿਚੋਲਾ ਪਾਉਣ ਦੀ ਲੋੜ ਨਹੀਂ । ਇਸ ਤੋਂ ਬਾਅਦ ਮਿਤੀ 27.04.2016 ਨੂੰ ਸਰਪੰਚ ਗੁਰਪਾਲ ਸਿੰਘ ਅਤੇ ਵਕੀਲ ਮੁਹੰਮਦ ਸੁਹੇਲ ਚੌਹਾਨ ਤਹਿਸੀਲਦਾਰ ਕੁਲਦੀਪ ਸਿੰਘ ਦੇ ਘਰ ਫੇਸ 11 ਮੋਹਾਲੀ ਵਿੱਖੇ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇੱਕ ਹੋਰ ਰਜਿਸਟਰੀ ਕਰਵਾਉਣੀ ਹੈ ਤਾਂ ਦੋਸ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਅੱਜ ਰਜਿਸਟਰੀਆਂ ਉਪਰ ਉਸ ਦੀ ਡਿਊਟੀ ਨਹੀਂ ਹੈ ਅੱਜ ਨਾਇਬ ਤਹਿਸੀਲਦਾਰ ਦੀ ਡਿਊਟੀ ਹੈ ਦੋਸ਼ੀ ਨੇ ਕਿਹਾ ਕਿ ਤੁਹਾਡਾ ਕੰਮ ਕਰਵਾ ਦਿਆਂਗਾ। ਫਿਰ ਦੋਸ਼ੀ ਨੇ ਅੰਡਰ ਟਰੇਨਿੰਗ ਨਾਇਬ ਤਹਿਸੀਲਦਾਰ ਸਰਬਜੀਤ ਸਿੰਘ ਨੂੰ ਕਹਿ ਕੇ ਇਨ੍ਹਾਂ ਦੀ ਰਜਿਸਟਰੀ ਨੰਬਰ 139 ਮਿਤੀ 27.4.2018 ਨੂੰ ਕਰਵਾ ਦਿੱਤੀ। ਜਿਸ ਬਦਲੇ ਬਦਲੇ ਉਨ੍ਹਾਂ ਤੋਂ 7 ਲੱਖ ਰੁਪਏ ਹਾਸਲ ਕਰਕੇ ਸਰਪੰਚ ਗੁਰਪਾਲ ਸਿੰਘ, ਮੁਹੰਮਦ ਸੁਹੇਲ ਚੌਹਾਨ ਤੋਂ 17 ਲੱਖ ਰੁਪਏ ਰਿਸ਼ਵਤ ਲੈ ਕੇ ਉਕਤ ਰਜਿਸਟਰੀਆਂ ਕਰਕੇ ਬਾਕੀ ਦੋਸ਼ੀਆਂ ਦਾ 6 ਕਰੋੜ 35 ਲੱਖ ਰੁਪਏ ਦਾ ਘਪਲਾ ਕਰਨ ਵਿੱਚ ਸਾਥ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਮੁਹਾਲੀ ਹਵਾਈ ਅੱਡੇ ਦਾ ਵਿਸਥਾਰ ਕਰਨ ਮੌਕੇ ਪਿੰਡ ਝਿਉਰਹੇੜੀ ਦੀ ਕਰੀਬ 36 ਏਕੜ ਪੰਚਾਇਤ ਦੇਹ ਜ਼ਮੀਨ ਅਕਵਾਇਰ ਕੀਤੀ ਗਈ ਜਿਸ ਦਾ ਮੁਆਵਜ਼ਾ 1.50 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 54,16,87,500 ਰੁਪਏ ਜਾਰੀ ਕੀਤਾ ਗਿਆ ਸੀ ਅਤੇ ਇਹ ਰਕਮ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਨਿਗਰਾਨੀ ’ਤੇ ਰੱਖੀ ਗਈ ਸੀ ਪਰ ਸਾਲ 2013 ਵਿਚ ਸਰਪੰਚ ਗੁਰਪਾਲ ਸਿੰਘ ਨੇ ਪੰਚਾਇਤ ਵੱਲੋਂ ਪਾਸ ਮਤੇ ਦੇ ਉਲਟ ਮਹਿਕਮੇ ਦੇ ਅਧਿਕਾਰੀਆਂ, ਕਮਰਚਾਰੀਆਂ, ਸਰਪੰਚ ਅਤੇ ਹੋਰਨਾਂ ਨੇ ਰਲ ਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਖਰੀਦਣ ਵਿੱਚ ਘਪਲੇਬਾਜ਼ੀ ਕੀਤੀ।
ਉਨ੍ਹਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੇ ਜ਼ਮੀਨ ਖਰੀਦਣ ਸਬੰਧੀ ਸਰਕਾਰੀ ਹਦਾਇਤਾਂ ਤੋਂ ਜਾਣੂੰ ਹੁੰਦੇ ਹੋਏ ਵੀ ਆਪਣੇ ਨਿੱਜੀ ਲਾਭ ਲਈ ਇਹ ਜ਼ਮੀਨ ਕੁਲੈਕਟਰ ਰੇਟ ਅਤੇ ਮਾਰਕੀਟ ਰੇਟਾਂ ਤੋਂ ਬਹੁਤ ਉਚੇ ਰੇਟ ’ਤੇ ਖਰੀਦਕੇ ਸਰਕਾਰ ਅਤੇ ਗਰਾਮ ਪੰਚਾਇਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਰਕੇ ਉਕਤ ਦੋਸ਼ੀਆਂ ਡੀਡੀਪੀਓ, ਬੀਡੀਪੀਓ ਅਤੇ ਪੰਚਾਇਤ ਸਕੱਤਰ ਸਮੇਤ ਸੁਰਿੰਦਰ ਸਿੰਘ ਉਰਫ ਸੁਰਿੰਦਰ ਖਾਨ ਵਾਸੀ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਵਿਚੋਲਾ ਮੁਹੰਮਦ ਸੁਹੇਲ ਚੌਹਾਨ, ਦਰਸ਼ਨ ਸਿੰਘ, ਦਰਸ਼ਨ ਸਿੰਘ ਖਿਲਾਫ਼ ਪਹਿਲਾਂ ਹੀ ਭਾਰਤੀ ਦੰਡਾਵਲੀ ਦੀ ਧਾਰਾ 409, 420, 465, 467, 471, 120-ਬੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਡੀ) ਤੇ 13 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…