ਮਾਲਵਾ ਖੇਤਰ ਦੀ ਜੀਵਨ ਰੇਖਾ ਹੈ ‘ਬਠਿੰਡਾ ਏਮਜ਼’: ਹਰਸਿਮਰਤ ਬਾਦਲ

ਪੰਜਾਬ ਵਿੱਤ ਵਿਭਾਗ ’ਤੇ ਪ੍ਰਾਜੈਕਟ ਨੂੰ ਭਜਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਜਨਵਰੀ:
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਉਹ ਆਪਣੇ ਵਿੱਤ ਵਿਭਾਗ ਦੀਆਂ ਗਲਤ ਤਰਜੀਹਾਂ ਕਰਕੇ ਬਠਿੰਡਾ ਵਿੱਚ ਸਥਾਪਿਤ ਹੋਣ ਵਾਲੇ ਏਮਜ਼ ਨੂੰ ਹੱਥੋਂ ਨਾ ਨਿਕਲਣ ਦੇਣ। ਬਠਿੰਡਾ ਵਿਖੇ ਬਣਨ ਵਾਲੇ ਏਮਜ਼ ਨੂੰ ਇਸ ਇਲਾਕੇ ਦੇ ਲੋਕਾਂ ਲਈ ਜੀਵਨ-ਰੇਖਾ ਅਤੇ ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਪ੍ਰਾਜੈਕਟ ਕਰਾਰ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਦੂਜੇ ਰਾਜ ਪੰਜਾਬ ਦੇ ਹੱਥੋਂ ਨਿਕਲ ਰਹੇ ਇਸ ਪ੍ਰਾਜੈਕਟ ਉੱਤੇ ਝਪਟਾ ਮਾਰਨ ਲਈ ਤਿਆਰ ਬੈਠੇ ਹਨ। ਜੇਕਰ ਏਮਜ਼ ਪ੍ਰਾਜੈਕਟ ਹੱਥੋਂ ਨਿਕਲ ਗਿਆ ਤਾਂ ਇਹ ਸੂਬੇ ਦੇ ਲੋਕਾਂ ਅਤੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਲਈ ਇੱਕ ਵੱਡਾ ਝਟਕਾ ਸਾਬਿਤ ਹੋਵੇਗਾ।
ਬਠਿੰਡਾ ਦੇ ਲੋਕਾਂ ਵਾਸਤੇ ਸਖ਼ਤ ਮਿਹਨਤ ਨਾਲ ਹਾਸਿਲ ਕੀਤੀਆਂ ਸਹੂਲਤਾਂ ਅਤੇ ਪ੍ਰਾਜੈਕਟਾਂ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਖੂੰਜੇ ਲਾਏ ਜਾਣ ਉੱਤੇ ਕੇਂਦਰੀ ਮੰਤਰੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਏਮਜ਼ ਹੈ। ਕੱਲ੍ਹ ਥਰਮਲ ਪਲਾਂਟ ਸੀ। ਕੱਲ੍ਹ ਨੂੰ ਕੁੱਝ ਹੋਰ ਹੋ ਸਕਦਾ ਹੈ। ਕੀ ਬਠਿੰਡਾ ਦੇ ਲੋਕਾਂ ਵੱਲੋਂ ਤੁਹਾਡੇ ਵਿਚ ਜਤਾਏ ਭਰੋਸੇ ਦੀ ਤੁਸੀਂ ਇਹ ਕੀਮਤ ਮੋੜ ਰਹੇ ਹੋ? ਇਸ ਤੋਂ ਪਹਿਲਾਂ, 21ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਆਇਲ ਰੀਫਾਇਨਰੀ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਇਸ ਨੂੰ ‘ਚਿੱਟਾ ਹਾਥੀ‘ ਕਰਾਰ ਦੇ ਦਿੱਤਾ ਗਿਆ ਸੀ। ਜਿਸ ਮਗਰੋਂ ਸ੍ਰੀ ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਮੱਦਦ ਨਾਲ ਇਸ ਨੂੰ ਬਚਾਇਆ ਸੀ। ਕਾਂਗਰਸ ਬਠਿੰਡਾ ਦੇ ਲੋਕਾਂ ਨਾਲ ਅਜਿਹਾ ਸਲੂਕ ਕਿਉਂ ਕਰਦੀ ਹੈ?
ਬੀਬੀ ਬਾਦਲ ਨੇ ਕਿਹਾ ਕਿ ਕਿਸੇ ਨੂੰ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਪ੍ਰਾਜੈਕਟ ਨੂੰ ਰੱਦ ਕਰਵਾ ਕੇ ਬਠਿੰਡਾ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ। ਉਹਨਾਂ ਕਿਹਾ ਕਿ ਇਹ 750 ਬਿਸਤਰਿਆਂ ਦਾ ਹਸਪਤਾਲ ਇਸ ਇਲਾਕੇ ਦੇ ਲੋਕਾਂ ਖਾਸ ਕਰਕੇ ਉਹਨਾਂ ਗਰੀਬਾਂ ਲਈ ਵਰਦਾਨ ਸਾਬਿਤ ਹੋਵੇਗਾ, ਜਿਹੜੇ ਇਲਾਜ ਕਰਵਾਉਣ ਲਈ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਵਿਚ ਨਹੀਂ ਜਾ ਸਕਦੇ। ਏਮਜ਼ ਦੁਨੀਆਂ ਭਰ ਵਿਚ ਉੱਚ ਕੁਆਇਲੀ ਦੀਆਂ ਸਿਹਤ ਸਹੂਲਤਾਂ ਦੇਣ ਲਈ ਜਾਣਿਆ ਜਾਂਦਾ ਹੈ, ਜਿਸ ਕਰਕੇ ਮੁਲਕ ਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਇਸ ਦੀ ਆਪਣੇ ਰਾਜਾਂ ਵਿਚ ਸਥਾਪਨਾ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੀਆਂ ਹਨ।
ਬੀਬੀ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਚੇਤੇ ਕਰਵਾਇਆ ਕਿ ਬਤੌਰ ਮੁੱਖ ਮੰਤਰੀ ਇਹ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕੋਈ ਪੰਜਾਬ ਖਾਸ ਕਰਕੇ ਮਾਲਵਾ ਖੇਤਰ ਦੀ ਬਠਿੰਡਾ ਬੈਲਟ ਦੇ ਲੋਕਾਂ ਨੂੰ ਇਸ 925 ਕਰੋੜ ਰੁਪਏ ਦੀ ਲਾਗਤ ਵਾਲੇ ਏਮਜ਼ ਹਸਪਤਾਲ ਤੋ ਵਾਂਝੇ ਨਾ ਕਰੇ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਵਿੱਚ ਕੁੱਝ ਲੋਕ ਇਸ ਲਈ ਨਹੀਂ ਚਾਹੁੰਦੇ ਕਿ ਏਮਜ਼ ਬਠਿੰਡਾ ਵਿੱਚ ਬਣੇ, ਕਿਉਂਕਿ ਇਹ ਪ੍ਰਾਜੈਕਟ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਲਿਆਂਦਾ ਗਿਆ ਹੈ। ਜੇਕਰ ਇਹ ਲੋਕ ਆਪਣੇ ਹਲਕੇ ਦੇ ਲੋਕਾਂ ਦੇ ਭਰੋਸੇ ਦਾ ਮੁੱਲ ਇਸੇ ਤਰ੍ਹਾਂ ਮੋੜਦੇ ਹਨ ਤਾਂ ਬੰਦਾ ਇਹੋ ਅਰਦਾਸ ਕਰ ਸਕਦਾ ਹੈ ਕਿ ਬਾਕੀ ਦਾ ਸੂਬਾ ਅਜਿਹੀ ਖੁਣਸੀ ਸੋਚ ਰੱਖਣ ਵਾਲਿਆਂ ਤੋਂ ਬਚਿਆ ਰਹੇ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਸਿਰਫ ਇੰਨਾ ਕਰਨਾ ਸੀ ਕਿ ਇਸ ਪ੍ਰਾਜੈਕਟ ਦੀ ਮੁੱਢਲੀ ਲਾਗਤ ਦਾ ਸਿਰਫ 25 ਫੀਸਦ ਹਿੱਸਾ ਦੇਣਾ ਸੀ ਅਤੇ ਕੇਂਦਰ ਬਾਕੀ ਦੀ 719 ਕਰੋੜ ਰੁਪਏ ਦੀ ਰਾਸ਼ੀ ਦੇਣ ਲਈ ਤਿਆਰ ਹੈ। ਪਰ ਪੰਜਾਬ ਦਾ ਵਿੱਤ ਵਿਭਾਗ ਲਗਾਤਾਰ ਇਸ ਪ੍ਰਾਜੈਕਟ ਨੂੰ ਸਥਾਪਿਤ ਕੀਤੇ ਜਾਣ ਦੇ ਰਸਤੇ ਵਿਚ ਅੜਚਨਾਂ ਖੜ੍ਹੀਆਂ ਕਰ ਰਿਹਾ ਹੈ। ਉਹਨਾਂ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਸੂਬੇ ਨੂੰ ਨੁਕਸਾਨ ਪਹੁੰਚਾਉਣ ਲਈ ਜਾਣ ਬੁੱਝ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਾਪਦੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਲੋੜੀਂਦੀਆਂ ਮਨਜ਼ੂਰੀਆਂ ਦੇਣ ਵਿਚ ਦੇਰੀ ਕੀਤੀ ਅਤੇ ਹੁਣ ਇਸ ਪ੍ਰਾਜੈਕਟ ਵਿਚ ਸੂਬੇ ਵੱਲੋਂ ਪਾਏ ਜਾਣ ਵਾਲੇ ਹਿੱਸੇ ਦੀ ਰਾਸ਼ੀ ਜਾਰੀ ਕਰਨ ਤੋਂ ਇਨਕਾਰ ਕਰ ਰਿਹਾ ਹੈ। ਇਹ ਗੱਲ ਸਮਝ ਵਿਚ ਨਹੀਂ ਆਉਂਦੀ ਕਿ ਉਸ ਕੋਲ ਬਠਿੰਡਾ ਵਿਚ ਏਮਜ਼ ਦੇ ਪ੍ਰਾਜੈਕਟ ਵਾਸਤੇ ਦੇਣ ਲਈ ਮਾਮੂਲੀ ਰਾਸ਼ੀ ਕਿਉਂ ਨਹੀਂ ਹੈ ਜਦਕਿ ਸੂਬਾ ਸਰਕਾਰ ਵੱਲੋਂ ਮੰਤਰੀਆਂ ਦੇ ਬੰਗਲਿਆਂ ਦਾ ਸਜਾਵਟ ਉੱਤੇ ਕਰੋੜਾਂ ਰੁਪਏ ਵਹਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਬਠਿੰਡਾ ਵਿਚ ਬਣਨ ਵਾਲਾ ਏਮਜ਼ ਆਮ ਲੋਕਾਂ, ਖਾਸ ਕਰਕੇ ਗਰੀਬਾਂ ਲਈ ਹੈ, ਜੋ ਕਿ ਚੰਡੀਗੜ੍ਹ ਦੇ ਪੀਜੀਆਈ ਵਿਚ ਇਲਾਜ ਕਰਵਾਉਣ ਵਾਸਤੇ ਸਫਰ ਦਾ ਖਰਚਾ ਵੀ ਨਹੀਂ ਉਠਾ ਸਕਦੇ। ਇਹ ਕਿਸੇ ਦੀ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ, ਖਾਸ ਕਰਕੇ ਜਦੋਂ ਇਹ ਪਤਾ ਹੋਵੇ ਕਿ ਇਸ ਪ੍ਰਾਜੈਕਟ ਨੂੰ ਸਵੀਕਾਰ ਕਰਕੇ ਪੰਜਾਬ ਨੂੰ 719 ਕਰੋੜ ਰੁਪਏ ਦਾ ਫਾਇਦਾ ਹੋਣ ਵਾਲਾ ਹੈ।
ਬੀਬੀ ਬਾਦਲ ਨੇ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਵੱਲੋਂ ਇਸ ਪ੍ਰਾਜੈਕਟ ਲਈ ਆਪਣਾ ਬਣਦਾ ਹਿੱਸਾ ਦੇਣ ਮਗਰੋਂ ਉਹ ਦਿਨਾਂ ਵਿਚ ਹੀ ਕੇਂਦਰ ਕੋਲੋਂ 719 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾ ਲੈਣਗੇ। ਉਹਨਾਂ ਕਿਹਾ ਕਿ ਕੇਂਦਰ ਵਿਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਜੇਕਰ ਪੰਜਾਬ ਸਰਕਾਰ ਆਪਣੀ ਮਾਮੂਲੀ ਹਿੱਸਾ ਅੱਜ ਦੇ ਦਿੰਦੀ ਹੈ ਤਾਂ ਮੈਂ ਕੇਂਦਰ ਕੋਲੋਂ ਕੁੱਝ ਦਿਨਾਂ ਵਿਚ ਬਾਕੀ ਰਾਸ਼ੀ ਜਾਰੀ ਕਰਵਾ ਲਵਾਂਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …