nabaz-e-punjab.com

ਆਦਰਸ਼ ਸਕੂਲ ਪਿੰਡ ਪਥਰਾਲਾ ਨੂੰ ਬੰਦ ਕਰਨ ਵਿਰੁੱਧ ਬਠਿੰਡਾ ਵਾਸੀਆਂ ਵੱਲੋਂ ਡੀਜੀਐੱਸਈ ਦਫ਼ਤਰ ਦਾ ਘਿਰਾਓ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਜ਼ਿਲ੍ਹਾ ਬਠਿੰਡਾ ਦੇ ਪਿੰਡ ਪਥਰਾਲਾ ਵਿੱਚ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਆਦਰਸ਼ ਸਕੂਲ ਸਿੱਖਿਆ ਵਿਭਾਗ ਵੱਲੋਂ ਬੰਦ ਕਰ ਦਿੱਤੇ ਜਾਣ ਨਾਲ ਉੱਥੋਂ ਦੇ ਲੋਕਾਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਪਿੰਡ ਪਥਰਾਲਾ ਦੇ ਆਸ-ਪਾਸ ਦੇ 11 ਪਿੰਡਾਂ ਦੇ ਲੋਕੀਂ ਅੱਜ ਪਥਰਾਲਾ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਦੀ ਅਗਵਾਈ ਵਿੱਚ ਇਕੱਤਰ ਹੋ ਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ (ਡੀਜੀਐੱਸਈ) ਦੇ ਮੁਹਾਲੀ ਸਥਿਤ ਦਫ਼ਤਰ ਵਿੱਚ ਪਹੁੰਚੇ ਅਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਡੀਜੀਐੱਸਈ ਪ੍ਰਸ਼ਾਂਤ ਗੋਇਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਹ ਸਕੂਲ ਚਾਲੂ ਰੱਖਿਆ ਜਾਵੇ ਤੇ ਇਸ ਨੂੰ ਬੰਦ ਨਾ ਕੀਤਾ ਜਾਵੇ। ਡੀਜੀਐੱਸਈ ਨੇ ਇਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਹਫਤੇ ਦੇ ਅੰਦਰ-ਅੰਦਰ ਉਹ ਇਸ ਸਬੰਧੀ ਕੋਈ ਫੈਸਲਾ ਲੈ ਕੇ ਪਿੰਡ ਵਾਲਿਆਂ ਨੂੰ ਸੂਚਿਤ ਕਰ ਦੇਣਗੇ ਜਿਸ ਕਰਕੇ ਇਨ੍ਹਾਂ ਲੋਕਾਂ ਨੇ ਆਪਣਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ। ਨਾਲ ਹੀ ਇਨ੍ਹਾਂ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਇਹ ਸਕੂਲ ਦੁਬਾਰਾ ਚਾਲੂ ਨਾ ਕੀਤਾ ਗਿਆ ਤਾਂ ਉਹ ਜ਼ੋਰਦਾਰ ਸੰਘਰਸ਼ ਕਰਨਗੇ।
ਜਸਵੀਰ ਸਿੰਘ ਨੇ ਦੱਸਿਆ ਕਿ ਇਹ ਸਕੂਲ 2012 ਤੋਂ ਹੀ ਚੱਲਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਨ 2016 ਵਿੱਚ ਇਸ ਸਕੂਲ ਦੇ ਬਕਾਇਦਾ ਟੈਂਡਰ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਇਸ ਸਕੂਲ ਲਈ ਸਾਢੇ ਪੰਜ ਏਕੜ ਜ਼ਮੀਨ ਦਾਨ ਵਿਚ ਦਿੱਤੀ ਗਈ ਸੀ। ਜਸਵੀਰ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿਚ 11 ਪਿੰਡਾਂ ਦੇ 577 ਬੱਚੇ ਇਸ ਵੇਲੇ ਪੜ੍ਹਾਈ ਕਰ ਰਹੇ ਸਨ ਪ੍ਰੰਤੂ ਅਚਾਨਕ 6 ਜੁਲਾਈ 2018 ਨੂੰ ਸਿੱਖਿਆ ਵਿਭਾਗ ਨੇ ਇਸ ਆਦਰਸ਼ ਸਕੂਲ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਜਿਸ ਕਰਕੇ ਇਲਾਕੇ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਫੈਲ ਗਿਆ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਅਚਾਨਕ ਇਸ ਸਕੂਲ ਨੂੰ ਬੰਦ ਕਰ ਦਿੱਤੇ ਜਾਣ ਨਾਲ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਗਿਆ ਹੈ ਜਿਸ ਕਰਕੇ ਪਿੰਡ ਦੇ ਲੋਕੀਂ ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ 10 ਜੁਲਾਈ ਨੂੰ ਮਿਲੇ ਅਤੇ ਮੰਗ ਕੀਤੀ ਕਿ ਇਸ ਸਕੂਲ ਨੂੰ ਬੰਦ ਨਾ ਕੀਤਾ ਜਾਵੇ ਬਲਕਿ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਇਸ ਸਕੂਲ ਨੂੰ ਇਸੇ ਤਰ੍ਹਾਂ ਚਲਾਇਆ ਜਾਵੇ ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦੇ ਦਿੱਤਾ ਸੀ ਕਿ ਇਹ ਸਕੂਲ ਇਸੇ ਤਰ੍ਹਾਂ ਚੱਲਦਾ ਰਹੇਗਾ ਪਰ ਸਿੱਖਿਆ ਵਿਭਾਗ ਨੇ ਇਸ ਨੂੰ ਬੰਦ ਕਰ ਦਿੱਤਾ।
ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਇਹ ਸਕੂਲ ਸੀਬੀਐੱਸਈ ਦੇ ਅਧੀਨ ਚੱਲ ਰਿਹਾ ਸੀ ਪ੍ਰੰਤੂ ਹੁਣ ਇਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਮਿਲਾ ਦਿੱਤਾ ਗਿਆ ਹੈ। ਜਿਸ ਸਕੂਲ ਵਿੱਚ ਹੁਣ ਇਹ 577 ਬੱਚੇ ਸ਼ਿਫਟ ਕੀਤੇ ਗਏ ਹਨ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਚੱਲ ਰਿਹਾ ਹੈ ਜਿਸ ਕਰਕੇ ਸੀਬੀਐੱਸਈ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਬੜੀ ਮੁਸ਼ਕਿਲ ਪੇਸ਼ ਆ ਰਹੀ ਹੈ।
ਇਨ੍ਹਾਂ ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨੂੰ ਉਹ ਦੋ ਵਾਰ ਮਿਲ ਚੁੱਕੇ ਹਨ ਪ੍ਰੰਤੂ ਅਜੇ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਹਾਲਾਂਕਿ ਸਿੱਖਿਆ ਮੰਤਰੀ ਭਰੋਸੇ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਆਸ ਪਾਸ ਦੇ 11 ਪਿੰਡਾਂ ਦੇ ਲੋਕੀਂ ਇੱਥੇ ਪੰਜਾਬ ਦੇ ਸਿੱਖਿਆ ਸਕੱਤਰ ਨੂੰ ਮਿਲਣ ਲਈ ਆਏ ਸਨ ਪ੍ਰੰਤੂ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਹਨ। ਜਿਸ ਕਰਕੇ ਅੱਜ ਉਨ੍ਹਾਂ ਦੀ ਮੀਟਿੰਗ ਡੀਜੀਐੱਸਈ ਪ੍ਰਸ਼ਾਂਤ ਗੋਇਲ ਦੇ ਨਾਲ ਹੋਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੋਇਲ ਨੇ ਉਨ੍ਹਾਂ ਦੀ ਸਾਰੀ ਗੱਲਬਾਤ ਬਹੁਤ ਧਿਆਨ ਪੂਰਵਕ ਸੁਣੀ ਅਤੇ ਉਨ੍ਹਾਂ ਨੂੰ ਨਿਆਂ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਜਲਦੀ ਹੀ ਉਹ ਇਸ ਸਕੂਲ ਨੂੰ ਦੁਬਾਰਾ ਚਾਲੂ ਕਰਨ ਲਈ ਵਿਭਾਗ ਨਾਲ ਗੱਲਬਾਤ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡੀਜੀਐੱਸਈ ਨਾਲ ਗੱਲਬਾਤ ਕਰਕੇ ਤਸੱਲੀ ਹੋਈ ਹੈ ਕਿਉਂਕਿ ਉਨ੍ਹਾਂ ਨੇ ਇਸ ਕੇਸ ਦੀ ਫਾਈਲ ਦੁਬਾਰਾ ਪੁੱਟਅੱਪ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਇਲਾਕੇ ਦੇ 11 ਪਿੰਡਾਂ ਦੇ 577 ਬੱਚੇ ਪੜ੍ਹ ਰਹੇ ਹਨ ਜਿਸ ਕਰਕੇ ਇੰਨੇ ਬੱਚਿਆਂ ਦਾ ਭਵਿੱਖ ਉਹ ਕਿਸੇ ਵੀ ਹਾਲਤ ਵਿੱਚ ਖਰਾਬ ਨਹੀਂ ਹੋਣ ਦੇਣਗੇ। ਇਸ ਮੌਕੇ ਵੱਖੋ-ਵੱਖ ਪਿੰਡ ਵਾਸੀਆਂ ਵਿਚੋਂ ਗੁਰਸੇਵਕ ਸਿੰਘ ਪੀ. ਟੀ. ਏ. ਦੇ ਚੇਅਰਮੈਨ ਬਲਦੇਵ ਸਿੰਘ ਖਾਲਸਾ, ਰਾਜਵਿੰਦਰ ਸਿੰਘ, ਪ੍ਰੇਮਜੀਤ ਸਿੰਘ, ਬੰਤ ਸਿੰਘ, ਪੰਚ ਸੇਵਾ ਸਿੰਘ ਵੀ ਮੌਜੂਦ ਸਨ। ਇਨ੍ਹਾਂ ਇਲਾਕਾ ਨਿਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਪੂਰੀ ਨਾ ਹੋਈ ਅਤੇ ਸਕੂਲ ਦੁਬਾਰਾ ਚਾਲੂ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰਨ ਲਈ ਮਜ਼ਬੂਰ ਹੋਣਗੇ ਜਿਸ ਦੇ ਲਈ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੋਣਗੇ।
ਇਸ ਸਬੰਧੀ ਜਦੋਂ ਡੀਜੀਐੱਸਈ ਪ੍ਰਸ਼ਾਂਤ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਲੋਕ ਅੱਜ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਇਹ ਸਕੂਲ ਸੁਸਾਇਟੀ ਨੂੰ ਅਲਾਟ ਕੀਤਾ ਗਿਆ ਸੀ ਪਰ ਸੁਸਾਇਟੀ ਇਸ ਦਾ ਚਾਰਜ ਨਹੀਂ ਸੀ ਲੈ ਰਹੀ ਕਿਉਂਕਿ ਪਿੰਡ ਦੇ ਕੁੱਝ ਲੋਕ ਇਸ ਗੱਲ ਦੇ ਵਿਰੋਧ ਕਰ ਰਹੇ ਸਨ ਕਿ ਸੁਸਾਇਟੀ ਨੂੰ ਇਸ ਦਾ ਚਾਰਜ ਨਹੀਂ ਲੈਣ ਦੇਣਾ ਕਿਉਂਕਿ ਲੋਕ ਮੈਨੇਜਮੈਂਟ ਨੂੰ ਚਾਹੁੰਦੇ ਹੀ ਨਹੀਂ ਸਨ। ਇਸ ਕਰਕੇ ਦੁਵਿਧਾ ਵਾਲੀ ਸਥਿਤੀ ਬਣੀ ਰਹੀ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਵਲੋਂ ਚਾਰਜ ਨਾ ਲੈਣ ਤੇ ਬੱਚਿਆਂ ਦੀ ਪੜ੍ਹਾਈ ਹੀ ਨਹੀਂ ਸੀ ਹੋ ਰਹੀ। ਇਸ ਕਰਕੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਇਲਾਕੇ ਦੇ ਲੋਕ ਉਨ੍ਹਾਂ ਨੂੰ ਮਿਲੇ ਹਨ ਤੇ ਇਸ ਬਾਰੇ ਉਹ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ ਅਤੇ ਸਾਰੀ ਸਥਿਤੀ ਉਨ੍ਹਾਂ ਦੇ ਧਿਆਨ ਵਿਚ ਲਿਆਉਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਫੈਸਲਾ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹੀ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…