nabaz-e-punjab.com

ਆਈਟੀ ਸਿਟੀ ਵਿੱਚ 15 ਘੰਟੇ ਰਹੀ ਬੱਤੀ ਗੁੱਲ, ਲੋਕ ਪ੍ਰੇਸ਼ਾਨ, ਪੁੱਡਾ ਮੰਤਰੀ ਨੂੰ ਭੇਜੀ ਸ਼ਿਕਾਇਤ

ਗਮਾਡਾ ਤੇ ਪਾਵਰਕੌਮ ਦੇ ਅਧਿਕਾਰੀਆਂ ਨੇ ਇੱਕ ਦੂਜੇ ’ਤੇ ਸੁੱਟੀ ਗੱਲ, ਵਿਧਾਇਕ ਕੋਲ ਵੀ ਰੋਇਆ ਸੀ ਦੁਖੜਾ

ਸਿੰਘਾਪੁਰ ਦੀ ਤਰਜ਼ ’ਤੇ ਆਈਟੀ ਸਿਟੀ ਵਸਾਉਣ ਦਾ ਦਿੱਤਾ ਸੀ ਭਰੋਸਾ, ਲੋਕ ਨਰਕ ਭੋਗਣ ਲਈ ਮਜਬੂਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਗਸਤ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਮੁਹਾਲੀ ਵਿੱਚ ਵਸਾਏ ਜਾ ਰਹੇ ਆਈਟੀ ਸਿਟੀ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੋਣ ਕਾਰਨ ਬਾਸ਼ਿੰਦੇ ਕਾਫ਼ੀ ਅੌਖੇ ਹਨ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਵਧਾਵਨ, ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸਿੱਧੂ, ਪ੍ਰੈਸ ਸਕੱਤਰ ਯੋਗੇਸ਼ ਮੋਹਨ, ਸਤੀਸ਼ ਗੌੜ, ਹਿਤੇਸ਼ ਸਹਿਗਲ ਅਤੇ ਹੋਰਨਾਂ ਵਸਨੀਕਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਅਚਾਨਕ ਬੱਤੀ ਗੁੱਲ ਹੋ ਗਈ ਸੀ ਅਤੇ ਉਹ ਸਾਰੀ ਰਾਤ ਖੱਜਲ-ਖੁਆਰ ਹੁੰਦੇ ਰਹੇ ਪਰ ਗਮਾਡਾ ਜਾਂ ਪਾਵਰਕੌਮ ਦੇ ਕਿਸੇ ਅਧਿਕਾਰੀ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ। ਅੱਜ ਦੂਜੇ ਦਿਨ ਬਾਅਦ ਦੁਪਹਿਰ ਡੇਢ ਵਜੇ ਬਿਜਲੀ ਸਪਲਾਈ ਬਹਾਲ ਹੋ ਸਕੀ। ਉਨ੍ਹਾਂ ਦੱਸਿਆ ਕਿ ਵੀਰਵਾਰ ਰਾਤ ਸਮੇਂ ਵੀ 8 ਵਜੇ ਬੱਤੀ ਗੁੱਲ ਹੋ ਗਈ ਸੀ ਅਤੇ ਅੱਧੀ ਰਾਤ ਤੋਂ ਬਾਅਦ ਕਰੀਬ ਡੇਢ ਦੋ ਵਜੇ ਬਿਜਲੀ ਆਈ। ਜਿਸ ਕਾਰਨ ਅੱਤ ਦੀ ਗਰਮੀ ਵਿੱਚ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਹੁਣ ਇਹ ਮਾਮਲਾ ਪੁੱਡਾ ਮੰਤਰੀ ਅਮਨ ਅਰੋੜਾ ਕੋਲ ਪਹੁੰਚ ਗਿਆ ਹੈ ਅਤੇ ਪੀੜਤ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਸ਼ਿਕਾਇਤ ਭੇਜ ਕੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਗੁਹਾਰ ਲਗਾਈ ਹੈ।
ਆਈਟੀ ਸਿਟੀ ਦੇ ਵਸਨੀਕਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਕਹਿਣ ਨੂੰ ਤਾਂ ਉਹ ਆਈਟੀ ਸਿਟੀ ਦੇ ਬਾਸ਼ਿੰਦੇ ਹਨ ਅਤੇ ਗਮਾਡਾ ਨੇ ਲੋਕਾਂ ਨੂੰ ਸਿੰਘਾਪੁਰ ਦੀ ਤਰਜ਼ ’ਤੇ ਆਈਟੀ ਸਿਟੀ ਵਸਾਉਣ ਦਾ ਭਰੋਸਾ ਦਿੱਤਾ ਸੀ ਪਰ ਉਹ ਨਰਕ ਭੋਗਣ ਲਈ ਮਜਬੂਰ ਹਨ। ਇੱਥੇ ਬਿਜਲੀ ਦੀ ਵੱਡੀ ਸਮੱਸਿਆ ਤਾਂ ਹੈ ਹੀ। ਸੀਵਰੇਜ ਵੀ ਬੰਦ ਰਹਿੰਦਾ ਹੈ, ਸੜਕਾਂ ਵੀ ਪੂਰੀਆਂ ਨਹੀਂ ਬਣੀਆਂ ਅਤੇ ਸਟਰੀਟ ਲਾਈਟਾਂ ਵੀ ਨਹੀਂ ਹਨ। ਵਸਨੀਕਾਂ ਨੇ ਦੱਸਿਆ ਕਿ ਗਮਾਡਾ ਨੇ ਪ੍ਰਾਈਵੇਟ ਨਾਮੀ ਕੰਪਨੀ ਤੋਂ ਆਈਟੀ ਸਿਟੀ ਵਿਕਸਤ ਕੀਤੀ ਸੀ। ਬੱਤੀ ਗੁੱਲ ਹੋਣ ’ਤੇ ਸ਼ਾਮ 6 ਵਜੇ ਤੋਂ ਬਾਅਦ ਪਾਵਰਕੌਮ ਦੇ ਸ਼ਿਕਾਇਤ ਘਰ ਵਿੱਚ ਕੋਈ ਫੋਨ ਤੱਕ ਨਹੀਂ ਚੁੱਕਦਾ।
ਪੀੜਤ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਉਹ ਆਪਣੀਆਂ ਸਮੱਸਿਆਵਾਂ ਸਬੰਧੀ ਗਮਾਡਾ ਜਾਂ ਪਾਵਰਕੌਮ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਜਾਂ ਸ਼ਿਕਾਇਤ ਦਿੰਦੇ ਹਨ ਤਾਂ ਉਹ ਇੱਕ ਦੂਜੇ ’ਤੇ ਗੱਲ ਸੁੱਟ ਕੇ ਟਾਲਾ ਵੱਟ ਲੈਂਦੇ ਹਨ। ਬੱਤੀ ਗੁੱਲ ਹੋਣ ਸਬੰਧੀ ਪਾਵਰਕੌਮ ਦੇ ਐਸਈ ਅਤੇ ਐਕਸੀਅਨ ਨੇ ਪੀੜਤ ਲੋਕਾਂ ਨੂੰ ਦੱਸਿਆ ਕਿ ਸਟਾਫ਼ ਦੀ ਘਾਟ ਕਾਰਨ ਦਿੱਕਤਾਂ ਆ ਰਹੀਆਂ ਹਨ।
ਪੀੜਤ ਲੋਕਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਆਈਟੀ ਸਿਟੀ ਦੇ ਵਸਨੀਕਾਂ ਦਾ ਵਫ਼ਦ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਮੌਕੇ ’ਤੇ ਹੀ ਗਮਾਡਾ ਦੇ ਚੀਫ਼ ਇੰਜੀਨੀਅਰ ਨੂੰ ਫੋਨ ਕਰਕੇ ਉਕਤ ਸਮੱਸਿਆਵਾਂ ਦਾ ਹੱਲ ਕਰਨ ਲਈ ਕਿਹਾ ਸੀ ਲੇਕਿਨ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…