ਐਰੋਸਿਟੀ ਵਿੱਚ 15 ਘੰਟੇ ਤੋਂ ਬੱਤੀ ਗੁੱਲ, ਸੈਕਟਰ-69 ਤੇ ਫੇਜ਼-7 ਵਿੱਚ ਬਿਜਲੀ ਦਾ ਮਾੜਾ ਹਾਲ

ਪੀੜਤ ਲੋਕਾਂ ਨੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਗਟਾਇਆ

ਨਬਜ਼-ਏ-ਪੰਜਾਬ, ਮੁਹਾਲੀ, 13 ਸਤੰਬਰ:
ਮੁਹਾਲੀ ਏਅਰਪੋਰਟ ਨੇੜਲੇ ਐਰੋਸਿਟੀ ਅਤੇ ਸੈਕਟਰ-82-ਏ ਸਥਿਤ ਆਈਟੀ ਸਿਟੀ ਵਿੱਚ ਬਿਜਲੀ ਅਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਸੋਸ਼ਲ ਵਰਕਰ ਗੁਰਵਿੰਦਰ ਸਿੰਘ ਸਮੇਤ ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐਲ ਗਰੋਵਰ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਐਨਕੇ ਲੂਨਾ, ਲਖਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਆਈਟੀ ਸਿਟੀ ਅਤੇ ਐਰੋਸਿਟੀ ਦੇ ਵੱਖ-ਵੱਖ ਬਲਾਕਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹੈ। ਬੀਤੀ ਦੇਰ ਰਾਤ ਤੱਕ ਬੱਤੀ ਗੁੱਲ ਰਹਿਣ ਕਾਰਨ ਲੋਕ ਸੜਕਾਂ ’ਤੇ ਉਤਰ ਆਏ। ਹਾਲਾਂਕਿ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਆਈਟੀ ਸਿਟੀ ਵਿੱਚ ਬਿਜਲੀ ਬਹਾਲ ਹੋ ਗਈ ਹੈ ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਅਜੇ ਤਾਈਂ ਬੱਤੀ ਗੁੱਲ ਹੈ। ਇੰਜ ਹੀ ਐਰੋਸਿਟੀ ਬਲਾਕ-ਜੀ ਅਤੇ ਹੋਰਨਾਂ ਬਲਾਕਾਂ ਵਿੱਚ ਸਵੇਰੇ ਤੜਕੇ ਹੀ ਬਿਜਲੀ ਚਲੀ ਗਈ ਸੀ ਲੇਕਿਨ ਦੇਰ ਸ਼ਾਮ ਤੱਕ ਬਿਜਲੀ ਨਹੀਂ ਆਈ।
ਆਰਐਲ ਗਰੋਵਰ ਨੇ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਹੋਈ। ਇਨਵਰਟਰ ਤੱਕ ਜਵਾਬ ਦੇ ਗਏ ਹਨ। ਜਿਸ ਕਾਰਨ ਨੌਕਰੀਪੇਸ਼ਾ ਲੋਕਾਂ ਅਤੇ ਘਰੇਲੂ ਅੌਰਤਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਬਾਈਲ ਫੋਨ ਵੀ ਕਾਰ ਸਟਾਟ ਕਰਕੇ ਚਾਰਜ ਕਰਨੇ ਪਏ। ਇੱਕ ਅੌਰਤ ਨੇ ਦੱਸਿਆ ਕਿ ਬੱਤੀ ਗੁੱਲ ਹੋਣ ਕਾਰਨ ਉਨ੍ਹਾਂ ਨੂੰ ਲੰਘੀ ਰਾਤ ਅਤੇ ਅੱਜ ਦਿਨ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਸ਼ਰਨ ਲੈਣੀ ਪਈ। ਉਨ੍ਹਾਂ ਨੇ ਪਾਵਰਕੌਮ ਸਟਾਫ਼ ਦੇ ਹਵਾਲੇ ਨਾਲ ਦੱਸਿਆ ਕਿ ਵਿਭਾਗ ਕੋਲ ਬਹੁਤ ਪੁਰਾਣਾ ਸਟਾਫ਼ ਹੈ, ਜੋ ਨਵੀਆਂ ਤਕਨੀਕਾਂ ਤੋਂ ਅਣਜਾਣ ਹੈ, ਮੌਜੂਦਾ ਸਟਾਫ਼ ’ਚੋਂ ਜ਼ਿਆਦਾਤਰ ਕਰਮਚਾਰੀ ਰਿਟਾਇਰਮੈਂਟ ਦੇ ਨੇੜੇ ਢੱੁਕੇ ਹੋਏ ਹਨ। ਇੱਥੇ ਸੀਵਰੇਜ ਦੀ ਵੀ ਵੱਡੀ ਸਮੱਸਿਆ ਹੈ। ਹਾਲਾਂਕਿ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਹੈ ਪਰ ਹਾਲੇ ਤੱਕ ਚਾਲੂ ਨਹੀਂ ਕੀਤਾ ਗਿਆ।
ਕੌਂਸਲਰ ਕੁਲਦੀਪ ਕੌਰ ਧਨੋਆ ਨੇ ਦੱਸਿਆ ਕਿ ਸੈਕਟਰ-69 ਵਿੱਚ ਲਗਪਗ 150 ਘਰਾਂ ਵਿੱਚ ਦੋ ਰਾਤਾਂ ਤੋਂ ਬਿਜਲੀ ਨਾ ਹੋਣ ਕਾਰਨ ਲੋਕ ਸੌਂ ਨਹੀ ਸਕੇ। ਬੱਤੀ ਗੁੱਲ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦਾ ਕਾਫ਼ੀ ਬੁਰਾ ਹਾਲ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਲਾਵਾਰਿਸ ਛੱਡ ਕੇ ਗੁਆਂਢੀ ਸੂਬਿਆ ਦੀ ਵੱਧ ਫ਼ਿਕਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਬਿਨਾਂ ਮੰਗੇ ਬਿਜਲੀ ਮੁਫ਼ਤ ਕੀਤੀ ਹੋਈ ਹੈ। ਅਜਿਹੇ ਵਿਅਕਤੀ ਜਿਨ੍ਹਾਂ ਨੂੰ 5 ਲੱਖ ਮਹੀਨੇ ਦੀ ਆਮਦਨ ਹੈ, ਉਹ ਵੀ ਮੁਫ਼ਤ ਬਿਜਲੀ ਦਾ ਆਨੰਦ ਲੈ ਰਹੇ ਹਨ। ਅਜੈਬ ਸਿੰਘ ਬਾਕਰਪੁਰ ਨੇ ਦੱਸਿਆ ਕਿ ਫੇਜ਼-7 ਵਿੱਚ ਬਿਜਲੀ ਸਪਲਾਈ ਦਾ ਮਾੜਾ ਹੈ। ਬਿਜਲੀ ਕਦੋਂ ਚਲੀ ਜਾਵੇਗੀ, ਕੁੱਝ ਪਤਾ ਨਹੀਂ ਚਲਦਾ।
ਉਧਰ, ਡੀਐਸਪੀ (ਸਪੈਸ਼ਲ-ਕਰਾਈਮ) ਨਵੀਨਪਾਲ ਸਿੰਘ ਲਹਿਲ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਪੀੜਤ ਲੋਕਾਂ ਨੂੰ ਲੈ ਕੇ 66 ਕੇਵੀ ਸਬ ਸਟੇਸ਼ਨ ਪਹੁੰਚੇ, ਜਿੱਥੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ। ਪਾਵਰਕੌਮ ਦੇ ਅਧਿਕਾਰੀਆਂ ਨੇ ਜਲਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਘਰ ਤੋਰ ਦਿੱਤਾ ਪ੍ਰੰਤੂ ਸ਼ੁੱਕਰਵਾਰ ਨੂੰ ਦੇਰ ਸ਼ਾਮ ਤੱਕ ਐਰੋਸਿਟੀ ਵਿੱਚ ਬੱਤੀ ਗੁੱਲ ਸੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…